ਯੂਨਾਨ ''ਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ
Monday, Feb 06, 2023 - 11:58 AM (IST)

ਏਥਨਜ਼ (ਭਾਸ਼ਾ)- ਯੂਨਾਨ ਦੇ ਲੇਰੋਸ ਟਾਪੂ ਦੇ ਤੱਟ ਉੱਤੇ ਐਤਵਾਰ ਨੂੰ ਪ੍ਰਵਾਸੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਵਿੱਚ 3 ਮੁੰਡਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ਼ਤੀ 'ਤੇ ਘੱਟੋ-ਘੱਟ 41 ਲੋਕ ਸਵਾਰ ਸਨ। ਯੂਨਾਨ ਕੋਸਟ ਗਾਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਸੂਚਨਾ ਦਿੱਤੀ ਸੀ ਕਿ ਉਸ ਨੇ ਸਮੁੰਦਰ ਵਿਚ ਇਕ ਲਾਸ਼ ਦੇਖੀ ਹੈ।
ਇਸ ਤੋਂ ਬਾਅਦ ਘਟਨਾ ਸਥਾਨ 'ਤੇ 3 ਸਮੁੰਦਰੀ ਜਹਾਜ਼ ਅਤੇ ਇਕ ਜਹਾਜ਼ ਭੇਜਿਆ ਗਿਆ, ਜਿੱਥੋਂ ਇਕ ਔਰਤ ਦੀ ਲਾਸ਼ ਮਿਲੀ ਅਤੇ ਇਕ ਬੇਹੋਸ਼ ਮੁੰਡੇ ਸਮੇਤ 39 ਲੋਕਾਂ ਨੂੰ ਉਥੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਬੇਹੋਸ਼ੀ ਦੀ ਹਾਲਤ 'ਚ ਮਿਲੇ ਮੁੰਡੇ ਸਮੇਤ 2 ਹੋਰ ਮੁੰਡਿਆਂ ਦੀ ਐਤਵਾਰ ਸ਼ਾਮ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਦੁਪਹਿਰ ਬਾਅਦ, ਤਿੰਨ ਨਾਬਾਲਗ ਅਤੇ ਦੋ ਬਾਲਗਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬਾਕੀ ਯਾਤਰੀ ਆਸਰਾ ਕੈਂਪਾਂ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਿਸ਼ਤੀ ਪਾਣੀ ਵਿੱਚ ਲਗਭਗ ਅੱਧੀ ਡੁੱਬ ਗਈ ਸੀ।