ਇਰਾਕ ''ਚ ਹਵਾਈ ਹਮਲੇ ਦੌਰਾਨ IS ਦੇ ਚਾਰ ਅੱਤਵਾਦੀ ਢੇਰ
Tuesday, Oct 15, 2024 - 07:54 PM (IST)
ਬਗਦਾਦ : ਇਰਾਕੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰੀ ਇਰਾਕੀ ਸੂਬੇ ਕਿਰਕੁਕ 'ਚ ਕੀਤੇ ਗਏ ਹਵਾਈ ਹਮਲੇ 'ਚ ਇਸਲਾਮਿਕ ਸਟੇਟ ਦੇ ਇਕ ਸੀਨੀਅਰ ਮੈਂਬਰ ਸਮੇਤ ਚਾਰ ਅੱਤਵਾਦੀ ਮਾਰੇ ਗਏ। ਇਹ ਹਮਲੇ ਉਨ੍ਹਾਂ ਦੇ ਲੁਕਣ ਵਾਲੀ ਥਾਂ 'ਤੇ ਕੀਤੇ ਗਏ ਸਨ।
ਇਰਾਕੀ ਐੱਫ-16 ਜੈੱਟ ਲੜਾਕੂ ਜਹਾਜ਼ਾਂ ਨੇ ਸੋਮਵਾਰ ਰਾਤ 11.30 ਵਜੇ ਦੋ ਹਵਾਈ ਹਮਲੇ ਕੀਤੇ। ਇਸ ਦੌਰਾਨ ਬਗਦਾਦ ਤੋਂ ਲਗਭਗ 250 ਕਿਲੋਮੀਟਰ ਉੱਤਰ 'ਚ, ਨਾਮਕ ਸੂਬਾਈ ਰਾਜਧਾਨੀ ਕਿਰਕੁਕ ਦੇ ਲਾਇਲਾਨ ਖੇਤਰ 'ਚ ਇੱਕ ਆਈਐੱਸ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ। ਸੁਰੱਖਿਆ ਮੀਡੀਆ ਸੈੱਲ ਨੇ ਇਰਾਕੀ ਜੁਆਇੰਟ ਆਪਰੇਸ਼ਨ ਕਮਾਂਡ ਨਾਲ ਸਬੰਧਤ ਇੱਕ ਮੀਡੀਆ ਆਉਟਲੇਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਸਵੇਰੇ, ਇਕ ਸੁਰੱਖਿਆ ਬਲ ਨੂੰ ਬੰਬਾਰੀ ਵਾਲੀ ਥਾਂ 'ਤੇ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਚਾਰ ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚੋਂ ਇਕ ਆਈਐੱਸ ਦਾ ਸੀਨੀਅਰ ਮੈਂਬਰ ਮੰਨਿਆ ਜਾਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਵਾਈ ਹਮਲੇ ਵਿਚ ਹਥਿਆਰ, ਸੰਚਾਰ ਉਪਕਰਨ ਅਤੇ ਹੋਰ ਸਾਜ਼ੋ-ਸਾਮਾਨ ਨੂੰ ਵੀ ਨਸ਼ਟ ਕਰ ਦਿੱਤਾ ਗਿਆ।
2017 'ਚ IS ਦੀ ਹਾਰ ਤੋਂ ਬਾਅਦ ਇਰਾਕ 'ਚ ਸੁਰੱਖਿਆ ਸਥਿਤੀ 'ਚ ਸੁਧਾਰ ਹੋਇਆ ਹੈ। ਹਾਲਾਂਕਿ, IS ਦੇ ਬਚੇ-ਖੁਚੇ ਲੋਕ ਸ਼ਹਿਰੀ ਕੇਂਦਰਾਂ, ਰੇਗਿਸਤਾਨਾਂ ਅਤੇ ਰੁੱਖਾਂ ਵਾਲੇ ਖੇਤਰਾਂ 'ਚ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੇ ਖਿਲਾਫ ਅਕਸਰ ਗੁਰੀਲਾ ਹਮਲੇ ਕਰਦੇ ਹਨ।