ਸਾਬਕਾ ਵਿਸ਼ਵ ਜੂਨੀਅਰ ਸਰਫਿੰਗ ਚੈਂਪੀਅਨ ਕਲਾਨੀ ਡੇਵਿਡ ਦੀ ਅਭਿਆਸ ਦੌਰਾਨ ਮੌਤ
Tuesday, Sep 20, 2022 - 02:46 PM (IST)
ਵਾਸ਼ਿੰਗਟਨ (ਰਾਜ ਗੋਗਨਾ)— ਸਾਬਕਾ ਵਿਸ਼ਵ ਜੂਨੀਅਰ ਸਰਫਿੰਗ ਚੈਪੀਂਅਨ ਕਲਾਨੀ ਡੇਵਿਡ ਦੀ ਇਸ ਹਫ਼ਤੇ ਦੇ ਅੰਤ ਵਿਚ ਕੋਸਟਾ ਰੀਕਨ ਬੀਚ 'ਤੇ ਅਭਿਆਸ ਦੌਰਾਨ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਲਾਨੀ ਦੀ ਉਮਰ ਸਿਰਫ਼ 24 ਸਾਲ ਸੀ। ਉਸ ਨੂੰ ਵੁਲਫ-ਪਾਰਕਿਨਸਨ-ਵਾਈਟ ਸਿੰਡਰੋਮ ਸੀ, ਜੋ ਜਮਾਂਦਰੂ ਦਿਲ ਦੀ ਬਿਮਾਰੀ ਸੀ, ਜੋ ਅਧਰੰਗ ਅਤੇ ਦੌਰੇ ਦਾ ਕਾਰਨ ਬਣ ਸਕਦੀ ਸੀ।
ਹਾਲਾਂਕਿ ਉਸਦੀ ਬਿਮਾਰੀ ਨੇ ਉਸ ਨੂੰ ਖੇਡਾਂ ਵਿੱਚ ਕਾਮਯਾਬ ਹੋਣ ਤੋਂ ਨਹੀਂ ਰੋਕਿਆ ਅਤੇ ਉਸਨੇ ਸਰਫਿੰਗ ਅਤੇ ਸਕੇਟਬੋਰਡਿੰਗ ਦੋਵਾਂ ਦਾ ਅਭਿਆਸ ਕੀਤਾ। ਉਸ ਨੇ ਮੁੱਖ ਸਕੇਟ ਸਰਕਟਾਂ ਵਿੱਚ ਪਹਿਲੇ ਸਥਾਨ ਲਈ ਮੁਕਾਬਲਾ ਕਰਦੇ ਹੋਏ, ਅੰਡਰ 16 ਵਰਗ ਵਿੱਚ 2012 ਵਿੱਚ ਪਨਾਮਾ ਵਿੱਚ ਜੂਨੀਅਰ ਵਿਸ਼ਵ ਸਰਫਿੰਗ ਦਾ ਖ਼ਿਤਾਬ ਵੀ ਜਿੱਤਿਆ ਸੀ।
ਕੋਸਟਾ ਰੀਕਾ ਦੀ ਜੁਡੀਸ਼ੀਅਲ ਇਨਵੈਸਟੀਗੇਸ਼ਨ ਏਜੰਸੀ ਨੇ ਕਿਹਾ, 'ਉਹ ਸਰਫਿੰਗ ਕਰ ਰਿਹਾ ਸੀ ਜਦੋਂ ਉਸ ਨੂੰ ਮਿਰਗੀ ਦਾ ਦੌਰਾ ਪਿਆ ਅਤੇ ਉਹ ਪਾਣੀ ਵਿਚ ਡੁੱਬ ਗਿਆ। ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।' ਕਲਾਨੀ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਸਕੇਟਰਾਂ ਵਿੱਚੋਂ ਇੱਕ ਸੀ।