ਸ਼੍ਰੀਲੰਕਾ: ਸਾਬਕਾ ਰਾਸ਼ਟਰਪਤੀ ਸਿਰੀਸੇਨਾ ਨੇ ਈਸਟਰ ਹਮਲੇ ਦੇ ਪੀੜਤਾਂ ਨੂੰ ਦਿੱਤਾ 1.50 ਕਰੋੜ ਰੁਪਏ ਦਾ ਮੁਆਵਜ਼ਾ

Wednesday, Jul 12, 2023 - 03:32 PM (IST)

ਸ਼੍ਰੀਲੰਕਾ: ਸਾਬਕਾ ਰਾਸ਼ਟਰਪਤੀ ਸਿਰੀਸੇਨਾ ਨੇ ਈਸਟਰ ਹਮਲੇ ਦੇ ਪੀੜਤਾਂ ਨੂੰ ਦਿੱਤਾ 1.50 ਕਰੋੜ ਰੁਪਏ ਦਾ ਮੁਆਵਜ਼ਾ

ਕੋਲੰਬੋ (ਭਾਸ਼ਾ)- ਸ੍ਰੀਲੰਕਾ ਦੀ ਸੁਪਰੀਮ ਕੋਰਟ ਵੱਲੋਂ ਤੈਅ ਮਿਆਦ ਤੋਂ ਪਹਿਲਾਂ ਹੀ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਸਾਲ 2019 ਦੇ ਈਸਟਰ ਮੌਕੇ ਹੋਏ ਲੜੀਵਾਰ ਧਮਾਕਿਆਂ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਪਹਿਲੀ ਕਿਸ਼ਤ ਵਜੋਂ 1.5 ਕਰੋੜ ਸ੍ਰੀਲੰਕਾਈ ਰੁਪਏ ਦਾ ਭੁਗਤਾਨ ਕੀਤਾ ਹੈ। ਬੁੱਧਵਾਰ ਨੂੰ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸ੍ਰੀਲੰਕਾ ਦੀ ਸੁਪਰੀਮ ਅਦਾਲਤ ਨੇ ਇਸ ਸਾਲ ਜਨਵਰੀ ਵਿੱਚ 71 ਸਾਲਾ ਸਿਰੀਸੇਨਾ ਨੂੰ ਪਹਿਲਾਂ ਤੋਂ ਭਰੋਸੇਯੋਗ ਜਾਣਕਾਰੀ ਹੋਣ ਦੇ ਬਾਵਜੂਦ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਰੋਕਣ ਵਿੱਚ ਲਾਪਰਵਾਹੀ ਵਰਤਣ ਲਈ ਪੀੜਤਾਂ ਨੂੰ ਮੁਆਵਜ਼ੇ ਵਜੋਂ 10 ਕਰੋੜ ਸ੍ਰੀਲੰਕਾਈ ਰੁਪਏ ਦੇਣ ਦਾ ਹੁਕਮ ਦਿੱਤਾ ਸੀ। 

ਸ੍ਰੀਲੰਕਾ ਵਿਚ ਆਈ.ਐੱਸ.ਆਈ.ਐੱਸ. ਨਾਲ ਜੁੜੇ ਸਥਾਨਕ ਇਸਲਾਮੀ ਕੱਟੜਪੰਥੀ ਸਮੂਹ ਨੈਸ਼ਨਲ ਤੌਹੀਦ ਜਮਾਤ (ਐੱਨ.ਟੀ.ਜੇ.) ਦੇ 9 ਆਤਮਘਾਤੀ ਹਮਲਾਵਰਾਂ ਨੇ ਜਦੋਂ ਹਮਲਾ ਕੀਤਾ ਸੀ, ਉਦੋਂ ਸਿਰੀਸੇਨਾ ਦੇਸ਼ ਦੇ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਸਨ। ਅੱਤਵਾਦੀਆਂ ਨੇ 21 ਅਪ੍ਰੈਲ 2019 ਨੂੰ 3 ਕੈਥੋਲਿਕ ਚਰਚਾਂ ਅਤੇ ਇੰਨੇ ਹੀ ਸੰਖਿਆ ਵਿਚ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ 11 ਭਾਰਤੀਆਂ ਸਮੇਤ ਲਗਭਗ 270 ਲੋਕ ਮਾਰੇ ਗਏ ਅਤੇ 500 ਤੋਂ ਵੱਧ ਜ਼ਖਮੀ ਹੋ ਗਏ ਸਨ। ਅਦਾਲਤ ਨੇ ਸਿਰੀਸੇਨਾ ਨੂੰ 10 ਕਰੋੜ ਸ੍ਰੀਲੰਕਾਈ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ।

ਇਸ ਤੋਂ ਇਲਾਵਾ ਸਾਬਕਾ ਪੁਲਸ ਮੁਖੀ ਪੁਜੀਤ ਜੈਸੁੰਦਰਾ ਅਤੇ ਸਟੇਟ ਇੰਟੈਲੀਜੈਂਸ ਸਰਵਿਸ ਦੇ ਸਾਬਕਾ ਮੁਖੀ ਨੀਲਾਂਥਾ ਜੈਵਰਧਨੇ ਨੂੰ 7.5-7.5 ਕਰੋੜ ਸ੍ਰੀਲੰਕਾਈ ਰੁਪਏ ਅਤੇ ਸਾਬਕਾ ਰੱਖਿਆ ਸਕੱਤਰ ਹੇਮਾਸਿਰੀ ਫਰਨਾਂਡੋ ਨੂੰ 5 ਕਰੋੜ ਸ੍ਰੀਲੰਕਾਈ ਰੁਪਏ ਹਰਜਾਨੇ ਵਜੋਂ ਅਦਾ ਕਰਨ ਲਈ ਕਿਹਾ ਗਿਆ ਸੀ। ਕੋਲੰਬੋ ਗਜ਼ਟ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ 12 ਜੁਲਾਈ ਤੱਕ ਹਰਜਾਨੇ ਦਾ ਭੁਗਤਾਨ ਕਰਨ ਲਈ ਕਿਹਾ ਸੀ ਅਤੇ ਸਿਰੀਸੇਨਾ ਨੇ 28 ਜੂਨ ਨੂੰ 1.5 ਕਰੋੜ ਰੁਪਏ ਜਮ੍ਹਾ ਕਰਵਾਏ। ਉਨ੍ਹਾਂ ਨੇ ਨਾਲ ਹੀ ਅਰਜ਼ੀ ਦੇ ਕੇ ਬਾਕੀ ਰਕਮ 85 ਲੱਖ-85 ਲੱਖ ਸ੍ਰੀਲੰਕਾਈ ਰੁਪਏ ਦੀਆਂ 10 ਕਿਸ਼ਤਾਂ ਵਿੱਚ 30 ਜੂਨ 2024 ਤੋਂ 20 ਜੂਨ 2033 ਭਰਨ ਦੀ ਇਜਾਜ਼ਤ ਵੀ ਮੰਗੀ ਹੈ।


author

cherry

Content Editor

Related News