ਅਮਰੀਕਾ ’ਚ ਪਾਕਿਸਤਾਨ ਵਿਰੁੱਧ ਮੁਜ਼ਾਹਰੇ ’ਚ ਭਾਰਤੀ ਅਮਰੀਕੀਆਂ ਨਾਲ ਸ਼ਾਮਲ ਹੋਏ ਸਾਬਕਾ ਫੌਜੀ
Tuesday, Dec 10, 2019 - 01:30 AM (IST)

ਵਾਸ਼ਿੰਗਟਨ (ਭਾਸ਼ਾ)- ਪਾਕਿਸਤਾਨ ਦੇ ਦਹਿਸ਼ਤਗਰਦ ਧੜਿਆਂ ਨੂੰ ਹਮਾਇਤ ਦੇ ਖਿਲਾਫ ਕਸ਼ਮੀਰੀ ਬਰਾਦਰੀ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਇੱਥੇ ਕੀਤੇ ਗਏ ਪਾਕਿਸਤਾਨੀ ਸਫਾਰਤਖਾਨੇ ਅੱਗੇ ਮੁਜ਼ਾਹਰੇ ’ਚ ਅਮਰੀਕਾ ਦੇ ਸਾਬਕਾ ਫੌਜੀ ਵੀ ਸ਼ਾਮਲ ਹੋਏ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਹੈ ਪਾਕਿਸਤਾਨ ਦਹਿਸ਼ਤਗਰਦ ਦੇਸ਼ ਹੈ ਅਤੇ ਲਾਦੇਨ ਕਿੱਥੇ ਸੀ, ਵਰਗੇ ਨਾਅਰੇ ਲਾਏ ਅਤੇ ਇਹ ਮੁਜ਼ਾਹਰਾ ਬਾਅਦ ’ਚ ਰੈਲੀ ਦੀ ਸ਼ਕਲ ’ਚ ਤਬਦੀਲ ਹੋ ਗਿਆ, ਜਿਸ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਪ੍ਰਾਯੋਜਕ ਐਲਾਨੇ ਜਾਣ ਦੀ ਮੰਗ ਕੀਤੀ।
ਸਾਬਕਾ ਫੌਜੀ ਡੇਵਿਡ ਡੀਨਸਟੈਗ ਨੇ ਰੈਲੀ ’ਚ ਕਿਹਾ ਕਿ ਮੈਂ ਅਮਰੀਕਾ ’ਚ ਭਾਰਤ ਦੀ ਭੂਮਿਕਾ ਬਾਰੇ ਲੋਕਾਂ ਨੂੰ ਜਾਗਰਿਤ ਕਰਨ ਲਈ ਸ਼ਾਮਲ ਹੋਇਆ ਹਾਂ। ਪਾਕਿਸਤਾਨ ਤਾਲਿਬਾਨ ਦਾ ਸਮਰਥਨ ਕਰ ਕੇ ਅਮਰੀਕੀ ਪੁੱਤਰਾਂ ਅਤੇ ਧੀਆਂ ਦਾ ਕਤਲ ਕਰ ਰਿਹਾ ਹੈ ਅਤੇ ਅਜਿਹਾ ਅਮਰੀਕੀ ਟੈਕਸ ਅਦਾ ਕਰਨ ਵਾਲਿਆਂ ਦੀ ਕੀਮਤ ’ਤੇ ਕੀਤਾ ਜਾ ਰਿਹਾ ਹੈ। ਭਾਰਤੀ ਅਮਰੀਕੀ ਅਨੰਤ ਮੁੱਲਾ ਨੇ ਕਿਹਾ ਿਕ ਸਾਰੇ ਜਾਣਦੇ ਹਨ ਕਿ ਪਾਕਿਸਤਾਨ ਦਹਿਸ਼ਤਗਰਦੀ ਨੂੰ ਕਿਵੇਂ ਪਾਲ ਰਿਹਾ ਹੈ। ਪਾਕਿਸਤਾਨ 35 ਹਜ਼ਾਰ ਤੋਂ ਵੱਧ ਕਸ਼ਮੀਰੀ ਹਿੰਦੂਆਂ ਦੇ ਕਤਲਾਂ ਲਈ ਦੋਸ਼ੀ ਹੈ। ਰੈਲੀ ਦੇ ਆਯੋਜਕ ਅਤੇ ਵਿਸ਼ਵ ਕਸ਼ਮੀਰੀ ਪੰਡਿਤ ਬਰਾਦਰੀ ਦੇ ਵਾਸ਼ਿੰਗਟਨ ਡੀ.ਸੀ. ਦੇ ਕਨਵੀਨਰ ਮੋਹਨ ਸਪਰੂ ਨੇ ਦੱਸਿਆ ਕਿ ਵੱਖ-ਵੱਖ ਬਰਾਦਰੀਆਂ ਅਤੇ ਪਿਛੋਕੜਾਂ ਵਾਲੇ ਮੁਜ਼ਾਹਰਾਕਾਰੀ ਪਾਕਿਸਤਾਨ ਦੀ ਦਹਿਸ਼ਤਗਰਦੀ ਦੀ ਹਮਾਇਤ ਕਰਨ ਵਾਲੀਆਂ ਨੀਤੀਆਂ ਦੀ ਸਖਤ ਨਿਖੇਧੀ ਕਰਨ ’ਤੇ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਇਕੱਠੇ ਹੋਏ ਹਨ।