ਸਾਬਕਾ ਓਲੰਪਿਕ ਤੈਰਾਕ ਕਲੀਟ ਕੈਲਰ ''ਤੇ ਲੱਗੇ ਕੈਪੀਟਲ ਦੰਗਿਆਂ ''ਚ ਸ਼ਾਮਿਲ ਹੋਣ ਦੇ ਦੋਸ਼

Friday, Jan 15, 2021 - 02:56 PM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਦੋ ਵਾਰ ਓਲੰਪਿਕ ਸੋਨ ਤਮਗਾ ਜੇਤੂ ਤੈਰਾਕ ਕਲੀਟ ਕੈਲਰ 'ਤੇ ਬੁੱਧਵਾਰ ਨੂੰ ਫੈਡਰਲ ਅਦਾਲਤ ਵੱਲੋਂ ਪਿਛਲੇ ਹਫ਼ਤੇ ਸੰਯੁਕਤ ਰਾਜ ਕੈਪੀਟਲ ਵਿੱਚ ਹੋਏ ਦੰਗਿਆਂ 'ਚ ਹਿੱਸਾ ਲੈਣ ਦੇ ਦੋਸ਼ ਲਗਾਏ ਗਏ ਹਨ। 38 ਸਾਲਾ ਕੈਲਰ 'ਤੇ ਵਾਸ਼ਿੰਗਟਨ, ਡੀ.ਸੀ. ਵਿੱਚ ਕਾਨੂੰਨੀ ਅਧਿਕਾਰ ਲਾਗੂ ਕਰਨ ਵਿਚ ਰੁਕਾਵਟ ਪਾਉਣ, ਕਾਨੂੰਨੀ ਅਧਿਕਾਰਾਂ ਤੋਂ ਬਿਨਾਂ ਕਿਸੇ ਅਪਰਾਧਿਕ ਵਿਵਸਥਾ ਵਿੱਚ ਜਾਣ ਬੁੱਝ ਕੇ ਦਾਖ਼ਲ ਹੋਣ ਦੇ ਦੋਸ਼ ਲਗਾਏ ਗਏ ਹਨ।

ਇਸ ਮਾਮਲੇ ਦੇ ਸੰਬੰਧ ਵਿੱਚ ਟਾਊਨ ਹਾਲ ਮੀਡੀਆ ਦੇ ਇੱਕ ਰਿਪੋਰਟਰ ਵੱਲੋਂ ਟਵਿੱਟਰ 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕੈਲਰ ਨੂੰ ਕੈਪੀਟਲ ਦੇ ਅੰਦਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਲਿਸ ਨੂੰ ਧੱਕ ਰਹੇ ਸਮਰਥਕਾਂ ਦੇ ਸਮੂਹ ਨਾਲ ਦਿਖਾਇਆ ਗਿਆ ਹੈ ਅਤੇ ਇਸ ਵਿੱਚ ਕੈਲਰ ਨੂੰ 'ਯੂ ਐਸ ਏ' ਅੱਖਰਾਂ ਵਾਲੀ ਇੱਕ ਜੈਕਟ ਪਾਏ ਹੋਏ ਦੇਖਿਆ ਗਿਆ ਸੀ। ਸੰਯੁਕਤ ਰਾਜ ਦੇ ਓਲੰਪਿਕ ਅਤੇ ਪੈਰਾਓਲੰਪਿਕ ਕਮੇਟੀ ਦੀ ਸੀ.ਈ.ਓ, ਸਾਰਾ ਹਰਸ਼ਲੈਂਡ ਨੇ ਦੋਸ਼ ਲਾਏ ਜਾਣ ਤੋਂ ਪਹਿਲਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਇਸ ਬਾਰੇ ਸੰਗਠਨ ਤੈਅ ਕਰੇਗਾ ਕਿ ਕੈਲਰ ਵਿਰੁੱਧ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ , ਜਦਕਿ ਕੈਲਰ ਨੇ ਕੈਪੀਟਲ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਕੈਲਰ, ਜੋ ਅਮਰੀਕੀ ਚੈਪੀਅਨ ਮਾਈਕਲ ਫੈਲਪਜ਼ ਦਾ ਸਾਥੀ ਸੀ, ਯੂ. ਐਸ. ਏ. ਦੀਆਂ ਤਿੰਨ ਓਲੰਪਿਕ ਟੀਮਾਂ ਦਾ ਮੈਂਬਰ ਸੀ। ਕੈਲਰ ਨੇ ਪਹਿਲਾਂ 2004 "ਚ ਏਥਨਜ਼ ਵਿੱਚ 4x200 ਮੀਟਰ ਦੀ ਰਿਲੇਅ ਟੀਮ ਮੁਕਾਬਲੇ ਅਤੇ ਫਿਰ 2008 ਵਿੱਚ ਬੀਜਿੰਗ "ਚ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਉਸਨੇ 2000 ਵਿੱਚ ਸਿਡਨੀ ਓਲੰਪਿਕ ਮੁਕਾਬਲੇ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਯੂ. ਐਸ. ਏ. ਸਵੀਮਿੰਗ ਸੰਸਥਾ ਨੇ ਦੱਸਿਆ ਕਿ ਕੈਲਰ ਆਖ਼ਰੀ ਵਾਰ 2008 ਵਿੱਚ ਮੈਂਬਰ ਵਜੋਂ ਰਜਿਸਟਰ ਹੋਇਆ ਸੀ ਅਤੇ ਖੇਡਾਂ ਨੂੰ ਛੱਡਣ ਤੋਂ ਬਾਅਦ, ਕੈਲਰ ਨੇ ਕੋਲੋਰਾਡੋ ਸਪ੍ਰਿੰਗਜ਼ ਵਿੱਚ ਇੱਕ ਰੀਅਲ ਅਸਟੇਟ ਏਜੰਸੀ ਹਾਫ ਐਂਡ ਲੇਅ ਲਈ ਠੇਕੇਦਾਰ ਵਜੋਂ ਕੰਮ ਕੀਤਾ। ਵਾਸ਼ਿੰਗਟਨ ਵਿਚ ਸੰਯੁਕਤ ਰਾਜ ਦੇ ਕਾਰਜਕਾਰੀ ਅਟਾਰਨੀ, ਮਾਈਕ ਸ਼ੈਰਵਿਨ ਅਨੁਸਾਰ ਕੇਂਦਰੀ ਅਤੇ ਸਥਾਨਕ ਜਾਂਚ ਕਰਤਾ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਭਾਲ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। 


cherry

Content Editor

Related News