ਰੂਸੀ ਫੌਜ ਨੂੰ ਬਦਨਾਮ ਕਰਨ ਦੇ ਦੋਸ਼ ''ਚ ਸਾਬਕਾ ਮੇਅਰ ਗ੍ਰਿਫ਼ਤਾਰ

Wednesday, Aug 24, 2022 - 06:30 PM (IST)

ਮਾਸਕੋ (ਏਜੰਸੀ): ਰੂਸ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਯੇਕਾਟਰਨੀਬਰਗ ਦੇ ਸਾਬਕਾ ਮੇਅਰ ਨੂੰ ਬੁੱਧਵਾਰ ਨੂੰ ਫੌਜ ਨੂੰ ਬਦਨਾਮ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਦਮ ਯੂਕ੍ਰੇਨ ਵਿਰੁੱਧ ਰੂਸ ਦੇ ਹਮਲੇ ਦੀ ਆਲੋਚਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਹਿੱਸੇ ਵਜੋਂ ਚੁੱਕਿਆ ਗਿਆ। ਪੁਲਸ ਨੇ 59 ਸਾਲਾ ਯੇਵਗੇਨੀ ਰੋਇਜ਼ਮੈਨ ਨੂੰ ਉਸਦੇ ਦਫਤਰ ਅਤੇ ਅਪਾਰਟਮੈਂਟ ਦੀ ਤਲਾਸ਼ੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ, ਜੋ ਕਿ 2013 ਤੋਂ 2018 ਤੱਕ ਯੇਕਾਟਰਨੀਬਰਗ ਦਾ ਮੇਅਰ ਸੀ।

ਰੋਇਜ਼ਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ 'ਤੇ ਨਵੇਂ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ, ਜੋ 24 ਫਰਵਰੀ ਨੂੰ ਰੂਸੀ ਫੌਜ ਨੂੰ ਯੂਕ੍ਰੇਨ ਭੇਜੇ ਜਾਣ ਤੋਂ ਬਾਅਦ ਬਣਾਏ ਗਏ ਹਨ। ਜੇਕਰ ਉਹ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਸ ਨੂੰ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਰੂਸੀ ਅਦਾਲਤਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਰੋਇਜ਼ਮੈਨ ਨੂੰ ਇਸੇ ਤਰ੍ਹਾਂ ਦੇ ਦੋਸ਼ਾਂ ਵਿੱਚ ਜੁਰਮਾਨਾ ਕੀਤਾ ਸੀ। ਰੋਇਜ਼ਮੈਨ ਨੂੰ ਕ੍ਰੇਮਲਿਨ ਦਾ ਸਖ਼ਤ ਆਲੋਚਕ ਮੰਨਿਆ ਜਾਂਦਾ ਹੈ ਅਤੇ ਰੂਸ ਦੇ ਕ੍ਰਿਸ਼ਮਈ ਵਿਰੋਧੀ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ। ਪੁਲਸ ਨੇ ਬੁੱਧਵਾਰ ਨੂੰ ਰੋਇਜ਼ਮੈਨ ਨੂੰ ਉਨ੍ਹਾਂ ਦੇ ਅਪਾਰਟਮੈਂਟ ਤੋਂ ਉਨ੍ਹਾਂ ਦੀ ਸੁਰੱਖਿਆ ਹੇਠ ਚੁੱਕ ਲਿਆ। ਇਸ ਦੌਰਾਨ ਉਸ ਨੇ ਕਿਹਾ ਕਿ ਉਸ ਨੂੰ ਜਾਂਚ ਲਈ ਮਾਸਕੋ ਲਿਜਾਇਆ ਜਾ ਸਕਦਾ ਹੈ।


Vandana

Content Editor

Related News