ਵੱਡੀ ਖ਼ਬਰ: ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ੀਆ ਦਾ ਦੇਹਾਂਤ
Tuesday, Dec 30, 2025 - 07:40 AM (IST)
ਇੰਟਰਨੈਸ਼ਨਲ ਡੈਸਕ : ਰਾਜਨੀਤਕ ਅਸਥਿਰਤਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦਾ ਦੇਹਾਂਤ ਹੋ ਗਿਆ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੀ ਮੁਖੀ ਖਾਲਿਦਾ ਜ਼ੀਆ ਨੇ ਢਾਕਾ ਦੇ ਐਵਰਕੇਅਰ ਹਸਪਤਾਲ ਵਿੱਚ ਇਲਾਜ ਦੌਰਾਨ ਆਖਰੀ ਸਾਹ ਲਿਆ। ਉਹ 80 ਸਾਲਾਂ ਦੀ ਸੀ। ਖਾਲਿਦਾ ਜ਼ੀਆ ਕੁਝ ਸਮੇਂ ਤੋਂ ਬਿਮਾਰ ਸੀ।
11 ਦਸੰਬਰ ਤੋਂ ਵੈਂਟੀਲੇਟਰ 'ਤੇ ਸਨ ਖਾਲਿਦਾ ਜ਼ੀਆ
ਸਰੋਤਾਂ ਅਨੁਸਾਰ ਖਾਲਿਦਾ ਜ਼ੀਆ 23 ਨਵੰਬਰ ਤੋਂ ਢਾਕਾ ਦੇ 'ਐਵਰਕੇਅਰ' ਹਸਪਤਾਲ 'ਚ ਦਾਖਲ ਸਨ ਤੇ ਸਥਿਤੀ ਵਿਗੜਨ ਕਾਰਨ ਉਨ੍ਹਾਂ ਨੂੰ 11 ਦਸੰਬਰ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਸ਼ਨੀਵਾਰ ਅੱਧੀ ਰਾਤ ਨੂੰ ਹਸਪਤਾਲ ਦੇ ਬਾਹਰ ਇੱਕ ਅਚਨਚੇਤ ਪ੍ਰੈਸ ਕਾਨਫਰੰਸ ਦੌਰਾਨ ਡਾ. ਏ.ਜ਼ੈੱਡ.ਐੱਮ. ਜ਼ਾਹਿਦ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਦੇਖਿਆ ਗਿਆ। ਡਾਕਟਰਾਂ ਨੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆ ਕਰਨ ਦੀ ਅਪੀਲ ਕੀਤੀ।
ਖਾਲਿਦਾ ਜ਼ੀਆ ਦੀ ਦੇਖਭਾਲ ਲਈ ਦੇਸੀ ਅਤੇ ਵਿਦੇਸ਼ੀ ਡਾਕਟਰਾਂ ਦੀ ਟੀਮ ਤਾਇਨਾਤ ਸੀ। ਉਨ੍ਹਾਂ ਦੇ ਪੁੱਤਰ ਅਤੇ ਬੀਐੱਨਪੀ ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਨੇ ਹਸਪਤਾਲ ਵਿੱਚ ਲੰਬਾ ਸਮਾਂ ਬਿਤਾਇਆ ਅਤੇ ਉਨ੍ਹਾਂ ਦੀ ਨੂੰਹ ਡਾ. ਜ਼ੁਬੈਦਾ ਰਹਿਮਾਨ ਵੀ ਇਲਾਜ ਦੀ ਨਿਗਰਾਨੀ ਕਰ ਰਹੀ ਸੀ।
ਵਿਦੇਸ਼ ਲਿਜਾਣ ਦੀ ਯੋਜਨਾ ਅਧੂਰੀ
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਵੱਲੋਂ ਖਾਲਿਦਾ ਜ਼ੀਆ ਨੂੰ ਬਿਹਤਰ ਇਲਾਜ ਲਈ ਵਿਦੇਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਜੂਦਾ ਸਰੀਰਕ ਹਾਲਤ ਇੰਨੀ ਕਮਜ਼ੋਰ ਹੈ ਕਿ ਉਹ ਹਵਾਈ ਯਾਤਰਾ (Air Travel) ਕਰਨ ਦੇ ਯੋਗ ਨਹੀਂ ਸਨ, ਜਿਸ ਕਾਰਨ ਫਿਲਹਾਲ ਉਨ੍ਹਾਂ ਦਾ ਇਲਾਜ ਦੇਸ਼ ਵਿੱਚ ਹੀ ਜਾਰੀ ਰੱਖਿਆ ਜਾ ਰਿਹਾ ਸੀ।
