ਅਮਰੀਕਾ ਪਰਤ ਰਹੇ ਅੰਤਰਰਾਸ਼ਟਰੀ ਵਿਦਿਆਰਥੀ ਪਰ ਕੋਵਿਡ ਤੋਂ ਪਹਿਲਾਂ ਦੇ ਮੁਕਾਬਲੇ ਸੰਖਿਆ ਘੱਟ
Monday, Nov 15, 2021 - 03:32 PM (IST)

ਵਾਸ਼ਿੰਗਟਨ (ਭਾਸ਼ਾ) : ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇਸ ਸਾਲ ਜ਼ਿਆਦਾ ਸੰਖਿਆ ਵਿਚ ਅਮਰੀਕੀ ਕਾਲਜਾਂ ਵਿਚ ਪਰਤ ਰਹੇ ਹਨ ਪਰ ਪਿਛਲੇ ਸਾਲ ਦੀ ਇਤਿਹਾਸਕ ਗਿਰਾਵਟ ਦੀ ਤੁਲਨਾ ਵਿਚ ਉਹ ਅਜੇ ਵੀ ਲੋੜੀਂਦੀ ਸੰਖਿਆ ਵਿਚ ਵਾਪਸ ਨਹੀਂ ਆਏ ਹਨ। ਇਕ ਨਵੇਂ ਸਰਵੇਖਣ ਮੁਤਾਬਕ ਅਜਿਹਾ ਇਸ ਲਈ ਹੈ, ਕਿਉਂਕਿ ਕੋਵਿਡ-19 ਕਾਰਨ ਅਕਾਦਮਿਕ ਅਦਾਨ-ਪ੍ਰਦਾਨ ’ਤੇ ਅਜੇ ਵੀ ਪਾਬੰਦੀ ਹੈ। ‘ਅੰਤਰਰਾਸ਼ਟਰੀ ਸਿੱਖਿਆ ਸੰਸਥਾ’ (ਆਈ.ਆਈ.ਈ.) ਵੱਲੋਂ ਸੋਮਵਾਰ ਤੋਂ ਜਾਰੀ ਕੀਤੇ ਗਏ ਸਰਵੇਖਣ ਨਤੀਜਿਆਂ ਮੁਤਾਬਕ ਦੇਸ਼ ਭਰ ਵਿਚ, ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇਸ ਪਤਝੜ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿਚ 4 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਹ ਸੰਖਿਆ 15 ਫ਼ੀਸਦੀ ਘਟੀ ਸੀ। ਇਹ 1948 ਵਿਚ ਸੰਸਥਾ ਵੱਲੋਂ ਅੰਕੜਿਆਂ ਦੇ ਪ੍ਰਕਾਸ਼ਨ ਦੀ ਸ਼ੁਰੂਆਤ ਦੇ ਬਾਅਦ ਤੋਂ ਸਭ ਤੋਂ ਵੱਡੀ ਗਿਰਾਵਟ ਸੀ।
ਵਿਦਿਆਰਥੀਆਂ ਦੀ ਇਹ ਵਾਪਸੀ ਡੈਲਟਾ ਵੈਰੀਐਂਟ ਦੇ ਮਾਮਲੇ ਵਧਣ ਦੇ ਚੱਲਦੇ ਕਾਲਜਾਂ ਦੇ ਪੂਰਵ ਅਨੁਮਾਨ ਤੋਂ ਬਿਹਤਰ ਹੈ ਪਰ ਇਹ ਵੀਜ਼ਾ ਬੈਕਲਾਗ ਬਰਕਰਾਰ ਰਹਿਣ ਅਤੇ ਕੁੱਝ ਵਿਦਿਆਰਥੀਆਂ ਦੇ ਮਹਾਮਾਰੀ ਦੌਰਾਨ ਵਿਦੇਸ਼ਾਂ ਵਿਚ ਪੜ੍ਹਨ ਜਾਣ ਨੂੰ ਲੈ ਕੇ ਝਿਜਕ ਵਰਗੀਆਂ ਜਾਰੀ ਰੁਕਾਵਟਾਂ ਨੂੰ ਵੀ ਦਰਸਾਉਂਦਾ ਹੈ। ਯੂਨੀਵਰਸਿਟੀਆਂ ਅਤੇ ਅਮਰੀਕੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਸਾਲ ਦੇਖੀ ਗਈ ਤੇਜ਼ੀ, ਲੰਬੀ ਮਿਆਦ ਲਈ ਹੋਣ ਵਾਲੀ ਵਾਪਸੀ ਦੀ ਸ਼ੁਰੂਆਤ ਹੈ। ਜਿਵੇਂ-ਜਿਵੇਂ ਅੰਤਰਰਾਸ਼ਟਰੀ ਯਾਤਰਾ ਵਧੇਗੀ, ਅਜਿਹੀ ਉਮੀਦ ਹੈ ਕਿ ਕਾਲਜ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਵਿਦਿਆਰਥੀਆਂ ਦੀ ਸੰਖਿਆ ਵਧਦੇ ਹੋਏ ਦੇਖਣਗੇ। ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਮੈਥਿਊ ਲੁਸੇਨਹੋਪ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਮਹਾਮਾਰੀ ਦੇ ਬਾਅਦ ਸੰਖਿਆ ਵਧਣ ਦੀ ਉਮੀਦ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਇਸ ਸਾਲ ਦਾ ਵਾਧਾ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਮਰੀਕੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਅਤੇ ਅਮਰੀਕਾ ਵਿਚ ਪੜ੍ਹਨ ਨੂੰ ਲੈ ਕੇ ਹੁਣ ਵੀ ਵਚਨਬੱਧ ਹਨ। ਸੰਸਥਾ ਮੁਤਾਬਕ ਕੁੱਲ ਮਿਲਾ ਕੇ 70 ਫ਼ੀਸਦੀ ਕਾਲਜਾਂ ਨੇ ਇਸ ਸਾਲ ਪਤਝੜ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਧਣ ਦੀ, ਜਦੋਂ ਕਿ 20 ਫ਼ੀਸਦੀ ਨੇ ਇਹ ਸੰਖਿਆ ਘਟਣ ਅਤੇ 10 ਫ਼ੀਸਦੀ ਨੇ ਓਨੀ ਹੀ ਸੰਖਿਆ ਰਹਿਣ ਦੀ ਜਾਣਕਾਰੀ ਦਿੱਤੀ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।