ਸਕਾਟਿਸ਼ ਫੁੱਟਬਾਲਰ ਪੀਟਰ ਲੋਰੀਮਰ ਦਾ 74 ਸਾਲ ਦੀ ਉਮਰ 'ਚ ਹੋਇਆ ਦਿਹਾਂਤ
Sunday, Mar 21, 2021 - 01:09 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਦੇ ਫੁੱਟਬਾਲਰ ਅਤੇ ਲੀਡਜ਼ ਯੂਨਾਈਟਿਡ ਲਈ ਰਿਕਾਰਡ ਗੋਲ ਕਰਨ ਵਾਲੇ ਪੀਟਰ ਲੋਰੀਮਰ ਦਾ ਲੰਬੀ ਬਿਮਾਰੀ ਤੋਂ ਬਾਅਦ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸਕਾਟਲੈਂਡ ਦੇ ਡੰਡੀ ਵਿੱਚ ਜੰਮੇ ਪੀਟਰ 1960 ਦੇ ਆਖੀਰ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਲੀਡਜ਼ ਯੂਨਾਈਟਿਡ ਅਤੇ ਸਕਾਟਲੈਂਡ ਨਾਲ ਆਪਣੀ ਖੇਡ ਲਈ ਜਾਣੇ ਜਾਂਦੇ ਸਨ।
ਪੀਟਰ ਨੇ ਸਕਾਟਲੈਂਡ ਲਈ 21 ਕੱਪ ਜਿੱਤੇ ਅਤੇ ਚਾਰ ਗੋਲ ਕੀਤੇ। 1974 ਦੇ ਫੀਫਾ ਵਰਲਡ ਕੱਪ ਵਿੱਚ ਉਹ ਟੀਮ ਦੇ ਤਿੰਨੋਂ ਮੈਚਾਂ ਵਿੱਚ ਖੇਡੇ ਸੀ। ਪੀਟਰ ਮਿਡਫੀਲਡਰ ਵਜੋਂ ਤਕਰੀਬਨ 16 ਸਾਲ ਦੀ ਉਮਰ ਵਿੱਚ ਲੀਡਜ਼ ਯੂਨਾਈਟਿਡ ਦੀ ਨੁਮਾਇੰਦਗੀ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਸਨ। ਉਹਨਾਂ ਨੇ ਐਲਲੈਂਡ ਰੋਡ ਵਿਖੇ 705 ਪ੍ਰਦਰਸ਼ਨਾਂ ਵਿੱਚ 238 ਗੋਲ ਕੀਤੇ। ਪ੍ਰੀਮੀਅਰ ਲੀਗ ਕਲੱਬ ਦੀ ਅਧਿਕਾਰਤ ਵੈਬਸਾਈਟ 'ਤੇ ਇੱਕ ਬਿਆਨ ਵਿੱਚ ਪੀਟਰ ਦੀ ਮੌਤ ਦੀ ਘੋਸ਼ਣਾ ਕੀਤੀ ਗਈ। ਇੱਕ ਖਿਡਾਰੀ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਪੀਟਰ ਲੀਡਜ਼ ਬੋਰਡ ਵਿਚ ਡਾਇਰੈਕਟਰ ਬਣੇ। ਉਹ ਬੀ. ਬੀ. ਸੀ. ਰੇਡੀਓ ਲੀਡਜ਼ ਅਤੇ ਯੌਰਕਸ਼ਾਇਰ ਰੇਡੀਓ 'ਤੇ ਮੈਚ ਟਿੱਪਣੀਆਂ ਕਰਦੇ ਸਨ ਅਤੇ ਯੌਰਕਸ਼ਾਇਰ ਈਵਨਿੰਗ ਪੋਸਟ ਵਿੱਚ ਨਿਯਮਤ ਕਾਲਮ ਵੀ ਲਿਖਦੇ ਸਨ। ਇਸਦੇ ਇਲਾਵਾ ਉਹ ਲੀਡਜ਼ ਦੇ ਹੋਲਬੈਕ ਖੇਤਰ ਵਿੱਚ ਇੱਕ ਪੱਬ ਵੀ ਚਲਾ ਰਹੇ ਸਨ।