ਇਮਰਾਨ ਖਾਨ ਦੀ ਜ਼ੁਬਾਨ ''ਤੇ ਆਇਆ ਸੱਚ, ਕਿਹਾ- ਢਿੱਡ ਭਰ ਖਾਣਾ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ
Friday, Jul 02, 2021 - 01:27 AM (IST)
ਇਸਲਾਮਾਬਾਦ - ਅੱਤਵਾਦ ਦੀ ਰਾਹ ਤੇ ਚੱਲਦੇ-ਚੱਲਦੇ ਪਾਕਿਸਤਾਨ ਕਿਸ ਤਰ੍ਹਾਂ ਬਦਹਾਲ ਹੋ ਗਿਆ ਹੈ ਇਹ ਦੁਨੀਆ ਤੋਂ ਲੁਕਿਆ ਨਹੀਂ ਹੈ। ਨਵਾਂ ਪਾਕਿਸਤਾਨ ਬਣਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਇਮਰਾਨ ਖਾਨ ਵੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਦਾ ਮੁਲਕ ਕੰਗਾਲ ਹੋ ਚੁੱਕਾ ਹੈ। ਇਮਰਾਨ ਖਾਨ ਨੇ ਵੀਰਵਾਰ ਨੂੰ ਖੁਰਾਕ ਸੁਰੱਖਿਆ ਨੂੰ ਪਾਕਿਸਤਾਨ ਦੀ ਸਭ ਤੋਂ ਵੱਡੀ ਚੁਣੌਤੀ ਦੱਸਦੇ ਹੋਏ ਕਿਹਾ ਹੈ ਕਿ ਭਵਿੱਖ ਵਿੱਚ ਆਬਾਦੀ ਨੂੰ ਭੋਜਨ ਦੀ ਘਾਟ ਤੋਂ ਬਚਾਉਣ ਲਈ ਮੁਲਕ ਨੂੰ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਵਿੱਚ 40 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ।
ਡਾਨ ਦੀ ਇੱਕ ਰਿਪੋਰਟ ਮੁਤਾਬਕ, ਇਸਲਾਮਾਬਾਦ ਵਿੱਚ ਕਿਸਾਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਨੇ ਪਿਛਲੇ ਸਾਲ 40 ਲੱਖ ਟਨ ਕਣਕ ਦਾ ਆਯਾਤ ਕੀਤਾ, ਜਿਸ ਦੇ ਨਾਲ ਵਿਦੇਸ਼ੀ ਮੁਦਰਾ ਭੰਡਾਰ 'ਤੇ ਮਾੜਾ ਅਸਰ ਪਿਆ, ਜਿਸ ਦੀ ਪਹਿਲਾਂ ਹੀ ਘਾਟ ਹੈ। ਇਮਰਾਨ ਖਾਨ ਨੇ ਕਿਹਾ, ਪਾਕਿਸਤਾਨ ਕੋਲ ਨਵੀਂ ਚੁਣੌਤੀ ਹੈ ਅਤੇ ਸਭ ਤੋਂ ਵੱਡੀ ਚੁਣੌਤੀ ਹੈ ਖੁਰਾਕ ਸੁਰੱਖਿਆ। ਉਨ੍ਹਾਂ ਇਹ ਵੀ ਕਿਹਾ ਕਿ ਤੇਜ਼ੀ ਨਾਲ ਵੱਧਦੀ ਆਬਾਦੀ ਦੀ ਜ਼ਰੂਰਤ ਨੂੰ ਪੂਰਾ ਕਰਣ ਲਈ ਤਿਆਰੀ ਕਰਣ ਦੀ ਲੋੜ ਹੈ।
ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਕਿਹਾ ਕਿ ਪੌਸ਼ਟਿਕ ਖਾਣਾ ਨਹੀਂ ਮਿਲਣ ਦੀ ਵਜ੍ਹਾ ਨਾਲ 40 ਫੀਸਦੀ ਬੱਚਿਆਂ ਦਾ ਕੱਦ ਨਹੀਂ ਵੱਧਦਾ ਅਤੇ ਨਾ ਹੀ ਉਨ੍ਹਾਂ ਦਾ ਦਿਮਾਗ ਵਿਕਸਿਤ ਹੁੰਦਾ ਹੈ। ਉਨ੍ਹਾਂ ਕਿਹਾ, ਖੁਰਾਕ ਸੁਰੱਖਿਆ ਅਸਲ ਵਿੱਚ ਰਾਸ਼ਟਰ ਸੁਰੱਖਿਆ ਹੈ। ਇਮਰਾਨ ਨੇ ਕਿਹਾ ਕਿ ਸ਼ੁੱਧ ਦੁੱਧ ਦੀ ਉਪਲੱਬਧਤਾ ਵੀ ਬੱਚਿਆਂ ਦੇ ਵਿਕਾਸ ਵਿੱਚ ਇੱਕ ਅਹਿਮ ਮੁੱਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।