ਇਟਲੀ 'ਚ ਨਵੇਂ ਸਾਲ ਦੇ ਜਸ਼ਨਾਂ 'ਚ 'ਫਲੂ' ਨੇ ਪਾਈ ਰੰਗ 'ਚ ਭੰਗ, ਲੱਖਾਂ ਲੋਕ ਪ੍ਰਭਾਵਿਤ

Sunday, Jan 07, 2024 - 04:09 PM (IST)

ਇਟਲੀ 'ਚ ਨਵੇਂ ਸਾਲ ਦੇ ਜਸ਼ਨਾਂ 'ਚ 'ਫਲੂ' ਨੇ ਪਾਈ ਰੰਗ 'ਚ ਭੰਗ, ਲੱਖਾਂ ਲੋਕ ਪ੍ਰਭਾਵਿਤ

ਰੋਮ (ਦਲਵੀਰ ਕੈਂਥ): ਇਟਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਦਾ ਚਾਅ ਲੋਕਾਂ ਲਈ ਹਾਲੇ ਪੂਰਾ ਨਹੀਂ ਸੀ ਹੋਇਆ ਕਿ ਕੁਦਰਤ ਨੇ ਆਪਣੇ ਰੰਗ ਦਿਖਾਉਂਦੇ ਹੋਏ ਫਲੂ ਦੇ ਪ੍ਰਭਾਵ ਨਾਲ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ। ਇਟਲੀ ਭਰ ਵਿੱਚ ਫਲੂ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਹਾਲਤ ਇਹ ਹੋਈ ਗਈ ਹੈ ਕਿ ਰਾਜਧਾਨੀ ਰੋਮ ਦੇ ਇਲਾਕੇ ਵਿੱਚ 1100 ਤੋਂ ਵੱਧ ਲੋਕਾਂ ਨੂੰ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਣ ਕਾਰਨ ਦਾਖਲ ਨਹੀਂ ਕੀਤਾ ਜਾ ਰਿਹਾ। ਇਹ ਲੋਕ ਬਿਮਾਰ ਹੋੋਣ ਦੇ ਬਾਵਜੂਦ ਇੰਤਜਾਰ ਕਰਨ ਲਈ ਲਾਚਾਰ ਹਨ। ਇਸ ਗੱਲ ਦਾ ਖੁਲਾਸਾ ਅੱਜ ਇਟਾਲੀਅਨ ਸੁਸਾਇਟੀ ਆਫ਼ ਐਮਰਜੈਂਸੀ ਮੈਡੀਸ਼ਨ ਐਂਡ ਆਰਜੈਂਟ ਕੇਅਰ ਨੇ ਕਰਦਿਆਂ ਫਲੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਪ੍ਰਗਟਾਈ ਹੈ।

ਅਜਿਹਾ ਹੀ ਹਾਲ ਲੰਬਾਰਦੀਆ ਸੂਬੇ ਦਾ ਹੈ ਜਿੱਥੇ ਲੋਕ ਫਲੂ ਦੇ ਪ੍ਰਭਾਵ ਕਾਰਨ ਤੜਫ਼ ਰਹੇ ਹਨ ਤੇ ਡਾਕਟਰ ਉਨ੍ਹਾਂ ਨੂੰ ਹਸਪਤਾਲ ਮਰੀਜ਼ਾਂ ਨਾਲ ਭਰਿਆ ਹੋਣ ਕਾਰਨ ਦਾਖਲ ਕਰਨ ਤੋਂ ਅਸਮਰਥ ਹਨ। ਤੁਰੀਨ ਵਰਗੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਨੂੰ ਸਟਰੈਚਰ ਨਹੀਂ ਮਿਲ ਰਿਹਾ, ਜਿਸ ਦੇ ਚੱਲਦਿਆਂ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਮੈਡੀਕਲ ਮਾਹਿਰਾਂ ਨੇ ਜਿੱਥੇ ਲੋਕਾਂ ਨੂੰ ਫਲੂ ਤੋਂ ਬਚਣ ਲਈ ਸੁਚੇਤ ਹੋਣ ਲਈ ਕਿਹਾ ਉੱਥੇ ਪਹਿਲਾਂ ਹੀ ਟੀਕਾ ਲਗਵਾਉਣ ਭਾਵ ਵੈਕਸੀਨੇਸ਼ਨ ਦੀ ਸਲਾਹ ਵੀ ਦਿੱਤੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਸਟੋਰ ਵਰਕਰ ਨੇ ਕੈਨੇਡੀਅਨ ਪੁਲਸ 'ਤੇ ਕੀਤਾ 'ਮੁਕੱਦਮਾ', ਦਿੱਤੀ ਸੀ ਦੇਸ਼ ਨਿਕਾਲੇ ਦੀ ਧਮਕੀ 

ਪੂਰੀ ਇਟਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇੇਂ ਇਟਲੀ ਵਿੱਚ 10 ਲੱਖ ਫਲੂ ਦੇ ਲੱਛਣਾਂ ਨਾਲ ਜੂਝ ਰਹੇ ਹਨ। 25 ਦਸੰਬਰ ਤੋਂ 31 ਦਸੰਬਰ, 2023 ਵਿਚਕਾਰ ਇਟਲੀ ਵਿੱਚ 1 ਮਿਲੀਅਨ ਤੋਂ ਵਧੇਰੇ ਲੋਕਾਂ ਨੂੰ ਸਾਹ ਦੀ ਤਕਲੀਫ਼ ਕਾਰਨ ਬਿਸਤਰੇ 'ਤੇ ਹੀ ਰੱਖਿਆ ਹੋਇਆ ਸੀ। ਫਲੂ ਨਾਲ ਛੋਟੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੈ ਕਿ ਸਥਿਤੀ ਕਦੋਂ ਕੰਟਰੋਲ ਵਿੱਚ ਹੋਵੇਗੀ। ਸੰਭਾਵਨਾ ਤਾਂ ਇਹ ਹੈ ਕਿ ਸਕੂਲ ਖੁੱਲ੍ਹਣ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਫਲੂ ਦਾ ਸਭ ਤੋਂ ਵੱਧ ਪ੍ਰਭਾਵ ਲਾਸੀਓ ਸੂਬੇ ਵਿੱਚ ਦੇਖਿਆ ਜਾ ਰਿਹਾ ਹੈ ਜਦੋਂ ਕਿ ਸਭ ਤੋਂ ਘੱਟ ਪ੍ਰਭਾਵ ਸੀਚੀਲੀਆ ਸੂਬੇ ਵਿੱਚ ਹੈ। ਡਾਕਟਰਾਂ ਨੇ ਇਟਲੀ ਦੇ ਬਾਸ਼ਿੰਦਿਆਂ ਨੂੰ ਸਾਵਧਾਨੀ ਵਰਤਣ ਦੇ ਨਾਲ ਜ਼ਿਆਦਾ ਜਨਤਕ ਥਾਵਾਂ 'ਤੇ ਜਾ ਲਈ ਵੀ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਫਲੂ ਇੱਕ ਛੂਤ ਦੀ ਬਿਮਾਰੀ ਹੈ ਜਿਹੜੀ ਕਿ ਇੱਕ ਮਰੀਜ਼ ਨੂੰ ਦੂਜੇ ਮਰੀਜ਼ ਤੋਂ ਸਿਰਫ਼ ਮਿਲਣ ਨਾਲ ਹੋ ਜਾਂਦੀ ਹੈ।ਇਸ ਬਿਮਾਰੀ ਵਿੱਚ ਮਰੀਜ਼ ਨੂੰ ਬੁਖ਼ਾਰ,ਸਿਰ ਦਰਦ,ਗਲਾ ਦਰਦ,ਸਰੀਰ ਦਰਦ ਆਦਿ ਲੱਛਣ ਆਮ ਦੇਖੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News