ਅਮਰੀਕਾ ਦਾ ਤੀਜਾ ਸੂਬਾ ਬਣਿਆ ਫਲੋਰੀਡਾ ਜਿੱਥੇ ਕੋਰੋਨਾ ਮਾਮਲੇ 10 ਲੱਖ ਤੋਂ ਪਾਰ

Thursday, Dec 03, 2020 - 09:17 AM (IST)

ਅਮਰੀਕਾ ਦਾ ਤੀਜਾ ਸੂਬਾ ਬਣਿਆ ਫਲੋਰੀਡਾ ਜਿੱਥੇ ਕੋਰੋਨਾ ਮਾਮਲੇ 10 ਲੱਖ ਤੋਂ ਪਾਰ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਵਾਇਰਸ ਦੇ ਮਾਮਲਿਆਂ ਦਾ ਵਾਧਾ ਲਗਾਤਾਰ ਜਾਰੀ ਹੈ। ਰਿਕਾਰਡ ਵਾਧੇ ਵਿਚ ਹੁਣ ਦੇਸ਼ ਦੇ ਸੂਬੇ ਫਲੋਰੀਡਾ ਨੇ 1 ਮਿਲੀਅਨ (10 ਲੱਖ) ਤੋਂ ਵੱਧ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਦਰਜ ਕੀਤੇ ਹਨ। ਇਸ ਅੰਕੜੇ ਨੂੰ ਪਾਰ ਕਰਕੇ ਫਲੋਰੀਡਾ ਟੈਕਸਾਸ ਅਤੇ ਕੈਲੀਫੋਰਨੀਆ ਤੋਂ ਬਾਅਦ ਤੀਜਾ ਸੂਬਾ ਬਣ ਗਿਆ ਹੈ। 

ਫਲੋਰੀਡਾ ਦੇ ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ 8,847 ਨਵੇਂ ਮਾਮਲੇ ਸ਼ਾਮਲ ਕੀਤੇ ਜਾਣ ਤੋਂ ਬਾਅਦ, ਸੂਬੇ ਵਿਚ ਹੁਣ 10,08,166 ਮਾਮਲੇ ਅਤੇ 18,679 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਮਾਮਲੇ ਫਲੋਰੀਡਾ ਦੇ ਗਵਰਨਰ ਰੋਨ ਡੀਸੈਂਟਿਸ ਵਲੋਂ ਇਕ ਪ੍ਰੈਸ ਕਾਨਫਰੰਸ ਵਿਚ ਮਾਸਕ ਪਾਉਣ ਦੀ ਨਿਖੇਧੀ ਅਤੇ ਸਕੂਲਾਂ ਦੇ ਵਿਅਕਤੀਗਤ ਹਦਾਇਤਾਂ ਲਈ ਖੁੱਲ੍ਹੇ ਰਹਿਣ ਦੇ ਬਿਆਨ ਤੋਂ ਬਾਅਦ ਆਏ ਹਨ। 

ਗਵਰਨਰ ਡੀਸੈਂਟਿਸ ਜੋ ਇਕ ਰੀਪਬਲਿਕਨ ਹਨ, ਨੇ ਮਹਾਮਾਰੀ ਦੌਰਾਨ ਮਾਸਕ ਪਾਉਣ ਅਤੇ ਕਾਰੋਬਾਰ ਬੰਦ ਕਰਨ ਦਾ ਵਿਰੋਧ ਕੀਤਾ ਸੀ ਅਤੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਲੋਰੀਡਾ ਬਹੁਤੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਵਾਲੇ ਸੂਬਿਆਂ ਵਿੱਚੋਂ ਇਕ ਸੀ। ਇੰਨਾ ਹੀ ਨਹੀਂ ਗਵਰਨਰ ਡੀਸੈਂਟਿਸ ਨੇ ਪਿਛਲੇ ਹਫ਼ਤੇ ਨਗਰ ਪਾਲਿਕਾਵਾਂ ਵਲੋਂ ਮਹਾਮਾਰੀ ਨਾਲ ਸਬੰਧਤ ਆਦੇਸ਼ਾਂ ਦੀ ਉਲੰਘਣਾ ਹੋਣ ‘ਤੇ ਜ਼ੁਰਮਾਨਾ ਜਾਰੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਦਾ ਨਤੀਜਾ ਹੁਣ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਦੇ ਤੌਰ 'ਤੇ ਸਾਹਮਣੇ ਆ ਰਿਹਾ ਹੈ।


author

Lalita Mam

Content Editor

Related News