ਬੰਗਲਾਦੇਸ਼ 'ਚ ਹੜ੍ਹ ਨਾਲ ਵੱਡੀ ਤਬਾਹੀ, ਹੁਣ ਤੱਕ 90 ਲੱਖ ਲੋਕ ਬੇਘਰ ਅਤੇ 32 ਮੌਤਾਂ (ਤਸਵੀਰਾਂ)

Tuesday, Jun 21, 2022 - 04:39 PM (IST)

ਬੰਗਲਾਦੇਸ਼ 'ਚ ਹੜ੍ਹ ਨਾਲ ਵੱਡੀ ਤਬਾਹੀ, ਹੁਣ ਤੱਕ 90 ਲੱਖ ਲੋਕ ਬੇਘਰ ਅਤੇ 32 ਮੌਤਾਂ (ਤਸਵੀਰਾਂ)

ਢਾਕਾ (ਬਿਊਰੋ): ਮਾਨਸੂਨੀ ਤੂਫਾਨ ਅਤੇ ਲਗਾਤਾਰ ਮੀਂਹ ਨੇ ਪੂਰੇ ਬੰਗਲਾਦੇਸ਼ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇੱਥੇ ਸਥਿਤੀ ਵਿਨਾਸ਼ਕਾਰੀ ਬਣੀ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 90 ਲੱਖ ਲੋਕ ਘਰਾਂ ਵਿਚ ਪਾਣੀ ਦਾਖਲ ਹੋਣ ਅਤੇ ਸਾਮਾਨ ਦੇ ਬਰਬਾਦ ਹੋਣ ਕਾਰਨ ਬੇਘਰ ਹੋ ਗਏ ਹਨ। ਬੰਗਲਾਦੇਸ਼ ਦੀ ਸੈਨਾ ਸਥਾਨਕ ਪ੍ਰਸ਼ਾਸਨ ਦੇ ਨਾਲ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ।

PunjabKesari

ਪਿਛਲੇ ਹਫ਼ਤੇ ਤੋਂ ਬੰਗਲਾਦੇਸ਼ ਅਤੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਲਗਾਤਾਰ ਬਾਰਿਸ਼ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਆ ਗਿਆ। ਆਫ਼ਤ ਪ੍ਰਬੰਧਨ ਅਤੇ ਰਾਹਤ ਮਾਮਲਿਆਂ ਦੇ ਰਾਜ ਮੰਤਰੀ ਇਨਾਮੁਰ ਰਹਿਮਾਨ ਦਾ ਕਹਿਣਾ ਹੈ ਕਿ ਮੇਘਾਲਿਆ ਅਤੇ ਅਸਾਮ ਵਿੱਚ ਭਾਰੀ ਮੀਂਹ ਕਾਰਨ ਬੰਗਲਾਦੇਸ਼ ਵਿੱਚ ਭਿਆਨਕ ਹੜ੍ਹ ਦੀ ਸਥਿਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਿਲਹਟ ਅਤੇ ਸੁਨਾਮਗੰਜ ਜ਼ਿਲ੍ਹਿਆਂ ਵਿੱਚ 122 ਸਾਲਾਂ ਵਿੱਚ ਇਹ ਸਭ ਤੋਂ ਭਿਆਨਕ ਹੜ੍ਹ ਹੈ।

PunjabKesari

ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ
ਸਿਲਹਟ ਦੇ ਹਾਲਾਤ ਗੰਭੀਰ ਬਣੇ ਹੋਏ ਹਨ, ਜਿੱਥੇ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬੰਗਲਾਦੇਸ਼ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਲਹਟ, ਸੁਨਾਮਗੰਜ, ਬ੍ਰਾਹਮਣਬਾਡੀਆ ਅਤੇ ਬੰਗਲਾਦੇਸ਼ ਦੇ ਉੱਤਰੀ ਹਿੱਸੇ ਨੂੰ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪਿਆ ਹੈ।ਹੜ੍ਹਾਂ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਕਾਰਨ ਸਿਲਹਟ ਅਤੇ ਸੁਨਾਮਗੰਜ ਜ਼ਿਲ੍ਹੇ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟੇ ਗਏ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਲਹਟ ਰੇਲਵੇ ਸਟੇਸ਼ਨ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਰੇ ਸੰਚਾਲਨ ਸ਼ੁੱਕਰਵਾਰ ਤੱਕ ਮੁਅੱਤਲ ਕਰ ਦਿੱਤੇ ਗਏ ਹਨ। ਸੰਚਾਰ ਸੇਵਾਵਾਂ ਰੁੱਕੀਆਂ ਹੋਈਆਂ ਹਨ ਅਤੇ ਸਿਲਹਟ ਵਿੱਚ ਸਥਾਨਕ ਪ੍ਰਸ਼ਾਸਨ ਨੂੰ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।

PunjabKesari

ਸਿਲਹਟ ਦੇ ਕਰੀਬ 3 ਲੱਖ ਲੋਕ ਸ਼ੈਲਟਰ ਹੋਮ ਵਿਚ 
ਉੱਧਰ ਮੇਘਾਲਿਆ ਦੇ ਪਹਾੜੀ ਖੇਤਰਾਂ ਤੋਂ ਹੇਠਾਂ ਜਾ ਰਹੇ ਪਾਣੀ ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਸਿਲਹਟ ਦੇ ਕਰੀਬ 3 ਲੱਖ ਲੋਕ ਪਨਾਹ ਲੈਣ ਲਈ ਮਜਬੂਰ ਹਨ। ਪਿਛਲੇ ਸ਼ਨੀਵਾਰ ਨੂੰ ਆਏ ਹੜ੍ਹ ਦੀ ਗੰਭੀਰਤਾ ਕਾਰਨ ਸਿਹਤ ਵਿਭਾਗ ਦੀ ਟੀਮ ਸਿਲਹਟ ਜਾਣ 'ਚ ਅਸਫਲ ਰਹੀ ਅਤੇ ਢਾਕਾ ਪਰਤਣ ਲਈ ਮਜਬੂਰ ਹੋ ਗਈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੇ ਦਸ ਜ਼ਿਲ੍ਹਿਆਂ ਦੀਆਂ 64 ਸਬ-ਡਿਵੀਜ਼ਨਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਈਆਂ ਹਨ।ਬੰਗਲਾਦੇਸ਼ ਦੇ ਹੜ੍ਹ ਦੀ ਭਵਿੱਖਬਾਣੀ ਅਤੇ ਚੇਤਾਵਨੀ ਕੇਂਦਰ (ਐਫਐਫਡਬਲਯੂਸੀ) ਨੇ ਕਿਹਾ ਕਿ ਅਗਲੇ 24 ਘੰਟਿਆਂ ਤੱਕ ਸੁਨਾਮਗੰਜ ਅਤੇ ਸਿਲਹਟ ਵਿੱਚ ਸਥਿਤੀ ਵਿੱਚ ਕੋਈ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਉੱਤਰੀ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।

PunjabKesari

ਲੋਕ ਘਰਾਂ ਦੀਆਂ ਛੱਤਾਂ 'ਤੇ ਲੈ ਰਹੇ ਪਨਾਹ
ਪਿਛਲੇ ਹਫ਼ਤੇ ਸੁਨਾਮਗੰਜ 'ਚ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਨਾਹ ਲੈਣੀ ਪਈ ਕਿਉਂਕਿ ਪਾਣੀ ਉਨ੍ਹਾਂ ਦੇ ਘਰਾਂ 'ਚ ਦਾਖਲ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਕਿਸ਼ਤੀਆਂ ਦੀ ਮਦਦ ਨਾਲ ਬਚਾਇਆ ਗਿਆ ਸੀ। ਲੋਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ ਇੱਥੋਂ ਦੇ ਜ਼ਿਲ੍ਹਾ ਹਸਪਤਾਲ ਹੜ੍ਹਾਂ ਵਿੱਚ ਡੁੱਬ ਗਏ ਹਨ। ਇਸ ਦੇ ਨਾਲ ਹੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੂੰ ਤਿੰਨ ਦਿਨਾਂ ਤੋਂ ਰੋਟੀ ਖਾਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਭਾਰੀ ਮੀਂਹ ਦਾ ਟੁੱਟਿਆ ਰਿਕਾਰਡ, ਦਰਜਨਾਂ ਲੋਕਾਂ ਦੀ ਮੌਤ

ਹੜ੍ਹਾਂ ਦੀ ਤਬਾਹੀ ਕਾਰਨ 1 ਕਰੋੜ 60 ਲੱਖ ਤੋਂ ਵੱਧ ਬੱਚਿਆਂ ਦਾ ਭਵਿੱਖ ਖਤਰੇ ਵਿਚ ਹੈ। ਬੱਚਿਆਂ ਨੂੰ ਭੋਜਨ, ਸਾਫ਼ ਪਾਣੀ ਅਤੇ ਦਵਾਈ ਦੀ ਲੋੜ ਹੁੰਦੀ ਹੈ। ਬੰਗਲਾਦੇਸ਼ ਦੀ ਫੌਜ ਯੂਨੀਸੇਫ ਦੇ ਸਹਿਯੋਗ ਨਾਲ ਆਫਤ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਗਈ ਹੈ ਤਾਂ ਜੋ ਲੋਕਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਸਕੇ।ਉੱਧਰ ਹਸਪਤਾਲਾਂ, ਫਾਇਰ ਸਰਵਿਸਿਜ਼, ਫੂਡ ਵੇਅਰਹਾਊਸ ਤੋਂ ਲੈ ਕੇ ਐਮਰਜੈਂਸੀ ਸੇਵਾਵਾਂ ਤੱਕ, ਜ਼ਿਆਦਾਤਰ ਸੰਸਥਾਵਾਂ ਪਾਣੀ ਵਿੱਚ ਡੁੱਬ ਗਈਆਂ ਹਨ। ਭਾਰੀ ਮੀਂਹ ਕਾਰਨ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਬੋਗੂੜਾ, ਜਮਾਲਪੁਰ, ਗੈਬੰਦਾ ਅਤੇ ਲਾਲਮੋਨਿਰਹਾਟ ਵਿੱਚ ਲਗਾਤਾਰ ਮੀਂਹ ਕਾਰਨ ਭੋਜਨ ਦੀ ਕਮੀ ਹੋ ਗਈ ਹੈ।


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News