ਅਮਰੀਕਾ ਦੇ ਅਲਾਬਾਮਾ ’ਚ ਹੜ੍ਹਾਂ ਨੇ ਮਚਾਈ ਤਬਾਹੀ, 4 ਲੋਕਾਂ ਦੀ ਗਈ ਜਾਨ
Friday, Oct 08, 2021 - 09:43 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਅਲਾਬਾਮਾ ਸੂਬੇ ’ਚ ਬੁੱਧਵਾਰ ਨੂੰ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ। ਅਲਾਬਾਮਾ ’ਚ ਹੜ੍ਹ ਦੇ ਪਾਣੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਹੋਰ ਬਹੁਤ ਸਾਰੇ ਵਾਹਨਾਂ ’ਚ ਫਸੇ ਲੋਕਾਂ ਨੂੰ ਬਚਾਅ ਕਰਮਚਾਰੀਆਂ ਵੱਲੋਂ ਬਾਹਰ ਕੱਢਿਆ ਗਿਆ। ਵੀਰਵਾਰ ਨੂੰ ਮਾਰਸ਼ਲ ਕਾਊਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹੜ੍ਹ ਦੇ ਨਤੀਜੇ ਵਜੋਂ ਇਕ 4 ਸਾਲਾ ਬੱਚੀ ਦੀ ਵੀ ਮੌਤ ਹੋਈ ਹੈ ਅਤੇ ਉਸ ਦੀ ਲਾਸ਼ ਬੁੱਧਵਾਰ ਦੀ ਰਾਤ ਨੂੰ ਬਰਾਮਦ ਕੀਤੀ ਗਈ ਸੀ।
ਇਸ ਤੋਂ ਇਲਾਵਾ ਹੂਵਰ ਪੁਲਸ ਨੇ ਵੀ ਇਕ 23 ਸਾਲਾ ਵਿਅਕਤੀ ਅਤੇ ਇਕ 23 ਸਾਲਾ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਹੂਵਰ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਨੇ ਬੁੱਧਵਾਰ ਤੇਜ਼ ਮੀਂਹ ਦਾ ਸਾਹਮਣਾ ਕੀਤਾ, ਜਿਸ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਗਿਆ। ਇਸ ਦੇ ਨਾਲ ਬਰਮਿੰਘਮ ਫਾਇਰ ਐਂਡ ਰੈਸਕਿਊ ਬਟਾਲੀਅਨ ਵੱਲੋਂ ਵੀ ਹੜ੍ਹਾਂ ਕਾਰਨ ਆਪਣੀਆਂ ਕਾਰਾਂ ’ਚ ਫਸੇ ਤਕਰੀਬਨ 26 ਲੋਕਾਂ ਨੂੰ ਬਚਾਇਆ ਗਿਆ। ਹੜ੍ਹਾਂ ਦੇ ਸਬੰਧ ’ਚ ਗਵਰਨਰ ਕੇ. ਆਈਵੇ ਨੇ ਮਰਨ ਵਾਲੀ ਬੱਚੀ ਅਤੇ ਹੋਰ ਲੋਕਾਂ ਦੇ ਪਰਿਵਾਰ ਲਈ ਦੁੱਖ ਪ੍ਰਗਟ ਕੀਤਾ ਹੈ।