ਲੰਡਨ ’ਚ ਤੇਜ਼ ਮੀਂਹ ਕਾਰਨ ਬਣੇ ਹੜ੍ਹ ਦੇ ਹਾਲਾਤ, ਹਸਪਤਾਲ ਸੇਵਾਵਾਂ ਹੋਈਆਂ ਪ੍ਰਭਾਵਿਤ
Monday, Jul 26, 2021 - 07:36 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਰਾਜਧਾਨੀ ਲੰਡਨ ਦੇ ਕਈ ਇਲਾਕਿਆਂ ’ਚ ਲੋਕਾਂ ਨੂੰ ਐਤਵਾਰ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਲੰਡਨ ਦੀਆਂ ਸੜਕਾਂ ’ਤੇ ਭਾਰੀ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ, ਜਿਸ ਕਰਕੇ ਆਮ ਜਨਜੀਵਨ ਦੇ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਹੜ੍ਹਾਂ ਦੀ ਸਥਿਤੀ ਕਾਰਨ ਲੰਡਨ ਦੇ ਬਾਰਟਸ ਹੈਲਥ ਐੱਨ. ਐੱਚ. ਐੱਸ. ਟਰੱਸਟ ਵੱਲੋਂ ਐਮਰਜੈਂਸੀ ਐਲਾਨੀ ਗਈ। ਲੰਡਨ ਦੇ ਬਹੁਤ ਸਾਰੇ ਹਿੱਸਿਆਂ ’ਚ ਹੜ੍ਹਾਂ ਦੇ ਨਾਲ ਸ਼ਹਿਰ ਦੇ ਪੂਰਬੀ ਖੇਤਰ ਦੇ ਦੋ ਹਸਪਤਾਲਾਂ ’ਚ ਪਾਣੀ ਭਰਨ ਕਾਰਨ ਮੁਸ਼ਕਿਲਾਂ ਆਈਆਂ। ਬਹੁਤ ਜ਼ਿਆਦਾ ਤੇਜ਼ ਮੀਂਹ ਕਾਰਨ ਨਿਊਹੈਮ ਹਸਪਤਾਲ ਦੇ ਐਮਰਜੈਂਸੀ ਵਿਭਾਗ ’ਚ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਮਰੀਜ਼ਾਂ ਨੂੰ ਨੇੜਲੇ ਹਸਪਤਾਲ ’ਚ ਆਉਣ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਐਤਵਾਰ ਦੇ ਮੀਂਹ ਨੇ ਹਿਪਸ ਕਰਾਸ ਹਸਪਤਾਲ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੰਡਨ ’ਚ ਤੇਜ਼ ਬਾਰਿਸ਼ ਨਾਲ ਅੱਠ ਟਿਊਬ ਸਟੇਸ਼ਨ ਬੰਦ ਹੋ ਗਏ ਅਤੇ ਹੜ੍ਹਾਂ ਦੇ ਪਾਣੀ ’ਚ ਅਣਗਿਣਤ ਵਾਹਨ ਡਰਾਈਵਰ ਡਰੇਨੇਜ ਸਿਸਟਮ ਦੇ ਪ੍ਰਭਾਵਿਤ ਹੋ ਜਾਣ ਕਾਰਨ ਫਸ ਗਏ, ਜਿਸ ਕਾਰਨ ਸ਼ਹਿਰ ’ਚ ਹਫੜਾ-ਦਫੜੀ ਮਚ ਗਈ। ਕੁਝ ਇਲਾਕਿਆਂ ’ਚ ਡਰਾਈਵਰਾਂ ਨੂੰ ਉਨ੍ਹਾਂ ਦੀਆਂ ਹੜ੍ਹ ’ਚ ਡੁੱਬੀਆਂ ਕਾਰਾਂ ’ਚੋਂ ਕੱਢ ਕੇ ਕਿਸ਼ਤੀਆਂ ਰਾਹੀਂ ਬਚਾਇਆ ਗਿਆ।