ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਸ਼ੁਰੂ ਹੋ ਸਕਦੀ ਹੈ ਫਲਾਈਟ, ਕੈਨੇਡਾ ਦੀ ਸੰਸਦ 'ਚ ਉੱਠੀ ਮੰਗ

05/27/2019 1:13:57 PM

ਨਿਊਯਾਰਕ/ ਟੋਰਾਂਟੋ, (ਰਾਜ ਗੋਗਨਾ)— ਟੋਰਾਂਟੋ-ਅੰਮ੍ਰਿਤਸਰ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਕੈਨੇਡੀਅਨ ਐੱਮ.ਪੀਜ਼ ਵਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੈਨੇਡਾ ਦੀ ਸੰਸਦ 'ਚ ਇਸ ਦੀ ਮੰਗ ਰੱਖੀ ਗਈ ਹੈ। ਕੈਨੇਡਾ ਦੇ ਉੱਤਰੀ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਆਪਣੀ ਸਰਕਾਰ ਅੱਗੇ ਮੰਗ ਰੱਖੀ ਸੀ। ਰੂਬੀ ਨੂੰ ਕੈਨੇਡੀਅਨ ਪਾਰਲੀਮੈਂਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ 'ਫਲਾਈ ਅੰਮ੍ਰਿਤਸਰ ਮੁਹਿੰਮ' ਵਲੋਂ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੱਮ.ਪੀ. ਰਣਦੀਪ ਸਰਾਏ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਫਾਇਦਾ ਪੰਜਾਬੀ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਦੀਆਂ ਸਬਜ਼ੀਆਂ, ਫਲ ਤੇ ਫੁੱਲ ਕੈਨੇਡਾ 'ਚ ਵਿਕਣਗੇ ਅਤੇ ਇੱਥੇ ਨਾਲੋਂ ਵਧੀਆ ਮੁੱਲ ਮਿਲੇਗਾ।


PunjabKesari

ਅਨੰਤਦੀਪ ਸਿੰਘ ਢਿੱਲੋਂ 'ਫਲਾਈ ਅੰਮ੍ਰਿਤਸਰ ਮੁਹਿੰਮ' ਦੇ ਉੱਤਰੀ ਅਮਰੀਕਾ ਦੇ ਕਨਵੀਨਰ ਹਨ। ਉਨ੍ਹਾਂ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਹਾ ਹੈ ਕਿ ਐੱਮ. ਪੀ. ਸਹੋਤਾ ਨੇ ਇਸ ਸੰਬੰਧੀ ਏਅਰ ਕੈਨੇਡਾ ਦੇ ਨੁਮਾਇੰਦੇ ਨਾਲ ਵੀ ਇੱਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਕੈਨੇਡਾ 'ਚ ਵੱਸਦੇ ਪੰਜਾਬੀਆਂ ਲਈ ਇਨ੍ਹਾਂ ਉਡਾਣਾਂ ਦੀ ਲੋੜ ਤੋਂ ਜਾਣੂ ਕਰਵਾਇਆ। ਪਾਰਲੀਮੈਂਟ 'ਚ ਦਾਖਲ ਪਟੀਸ਼ਨ ਦੀ ਵੀਡੀਓ ਅਤੇ ਏਅਰ ਕੈਨੇਡਾ ਨਾਲ ਮੀਟਿੰਗ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪਾਈ ਹੈ।

PunjabKesari

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ ਸੰਮੋਪ ਸਿੰਘ ਗੁਮਟਾਲਾ ਨੇ ਕੈਨੇਡਾ ਦੇ ਦੂਸਰੇ ਪਾਰਲੀਮੈਂਟ ਮੈਂਬਰਾਂ ਅਤੇ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਏਅਰ ਕੈਨੇਡਾ ਅਤੇ ਹੋਰਨਾਂ ਹਵਾਈ ਕੰਪਨੀਆਂ ਨਾਲ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਾਉਣ ਵਾਸਤੇ ਅੱਗੇ ਆਉਣ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਤੰਬਰ 2017 ਵਿੱਚ ਮੈਡਮ ਸਹੋਤਾ ਨਾਲ ਇਸ ਸੰਬੰਧੀ ਮੀਟਿੰਗ ਵੀ ਕੀਤੀ ਸੀ। ਵਰਣਨਯੋਗ ਹੈ ਕਿ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਨੁਮਾਇੰਦਿਆਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਅੰਮ੍ਰਿਤਸਰ ਫੇਰੀ ਸਮੇਂ ਕੈਨੇਡੀਅਨ ਪਾਰਲੀਮੈਂਟ ਮੈਂਬਰ ਮਾਣਯੋਗ ਸੁੱਖ ਧਾਲੀਵਾਲ ਤੇ ਰਣਦੀਪ ਸਰਾਏ ਨਾਲ ਮੀਟਿੰਗ ਕੀਤੀ। ਦੋਵਾਂ ਪਾਰਲੀਮੈਂਟ ਮੈਂਬਰਾਂ ਨੇ ਯਕੀਨ ਦੁਆਇਆ ਸੀ ਕਿ ਉਹ ਇਸ ਮਸਲੇ ਲਈ ਏਅਰ ਕੈਨੇਡਾ ਨਾਲ ਗੱਲਬਾਤ ਕਰਨਗੇ।


Related News