ਬੰਬ ਦੀ ਧਮਕੀ ਤੋਂ ਬਾਅਦ ਸਿੰਗਾਪੁਰ ਪਰਤਿਆ ਜਹਾਜ਼

04/05/2018 4:24:03 PM

ਸਿੰਗਾਪੁਰ (ਭਾਸ਼ਾ)— ਇਕ ਯਾਤਰੀ ਵਲੋਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਏਅਰਲਾਈਨਜ਼ 'ਸਕੂਟ' ਦੇ ਇਕ ਯਾਤਰੀ ਜਹਾਜ਼ ਨੂੰ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਵਿਚ ਸਿੰਗਾਪੁਰ ਵਾਪਸ ਲਿਆਂਦਾ ਗਿਆ। ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਥਾਈਲੈਂਡ ਦੇ ਹਾਤ ਯਾਈ ਲਈ ਰਵਾਨਾ ਹੋਇਆ ਇਹ ਯਾਤਰੀ ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜ ਕੇ 23 ਮਿੰਟ 'ਤੇ ਸ਼ਹਿਰ ਦੇ ਚਾਂਗੀ ਹਵਾਈ ਅੱਡੇ 'ਤੇ ਉਤਰਿਆ।
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਜਹਾਜ਼ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਵਾਪਸ ਪਰਤ ਆਇਆ। ਸਿੰਗਾਪੁਰ ਏਅਰਲਾਈਨਜ਼ ਦੀ ਬਜਟ ਹਵਾਬਾਜ਼ੀ ਸੇਵਾ ਸਕੂਟ ਨੇ ਕਿਹਾ ਕਿ ਸਿੰਗਾਪੁਰ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸੁਰੱਖਿਆ ਪ੍ਰਦਾਨ ਕੀਤੀ। ਅਖਬਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਈ ਇਹ ਆਮ ਪ੍ਰਕਿਰਿਆ ਹੈ। 
ਏਅਰਲਾਈਨਜ਼ ਨੇ ਬਿਆਨ 'ਚ ਕਿਹਾ ਕਿ ਹਾਤ ਯਾਈ ਜਾਣ ਵਾਲੀ ਸਕੂਟ ਉਡਾਣ ਨੰਬਰ ਟੀ.ਆਰ634 'ਚ ਬੰਬ ਹੋਣ ਦੀ ਧਮਕੀ ਕਾਰਨ ਉਸ ਨੂੰ ਚਾਂਗੀ ਹਵਾਈ ਅੱਡੇ ਪਰਤਣਾ ਪਿਆ। ਸਿੰਗਾਪੁਰ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਵਿਚ ਇਕ ਯਾਤਰੀ ਵਲੋਂ ਬੰਬ ਹੋਣ ਦੀ ਧਮਕੀ ਦੇ ਸੰਬੰਧ ਵਿਚ ਇਕ ਰਿਪੋਰਟ ਪ੍ਰਾਪਤ ਹੋਈ। ਪੁਲਸ ਅਧਿਕਾਰੀ ਜਾਂਚ ਵਿਚ ਜੁੱਟੇ ਹੋਏ ਹਨ। ਓਧਰ ਸਕੂਟ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਵਿਚ 173 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਾਰੇ ਸੁਰੱਖਿਅਤ ਹਨ।


Related News