ਫਿਟਨੈੱਸ ਦੇ ਨਾਲ ਦੋਸਤੀ, ਨੈੱਟਵਰਕਿੰਗ ਅਤੇ ਲਾਈਫ ਸਟਾਈਲ ’ਤੇ ਵਧ ਰਿਹਾ ਖਰਚ
Saturday, May 30, 2026 - 04:14 AM (IST)
ਲੰਡਨ/ਨਿਊਯਾਰਕ- ਦੁਨੀਆ ਭਰ ਵਿਚ ਨੌਜਵਾਨ ਪੀੜ੍ਹੀ ਦੀ ਸੋਸ਼ਲ ਲਾਈਫ ਤੇਜ਼ੀ ਨਾਲ ਬਦਲ ਰਹੀ ਹੈ। ਹੁਣ ਬਾਰ, ਪੱਬ ਅਤੇ ਨਾਈਟ ਕਲੱਬਾਂ ਦੀ ਜਗ੍ਹਾ ਪ੍ਰੀਮੀਅਮ ਜਿੰਮ, ਰਨ ਕਲੱਬ ਅਤੇ ਵੈੱਲਨੈੱਸ ਸੈਂਟਰ ਨਵੇਂ ਸੋਸ਼ਲ ਹੱਬ ਬਣਦੇ ਜਾ ਰਹੇ ਹਨ।
ਨੌਜਵਾਨ ਫਿਟਨੈੱਸ ਦੇ ਨਾਲ ਦੋਸਤੀ, ਨੈੱਟਵਰਕਿੰਗ ਅਤੇ ਰਿਸ਼ਤਿਆਂ ਦੀ ਤਲਾਸ਼ ਵੀ ਇਨ੍ਹਾਂ ਥਾਵਾਂ ’ਤੇ ਕਰ ਰਹੇ ਹਨ। ਰਿਪੋਰਟ ਅਨੁਸਾਰ ਬ੍ਰਿਟੇਨ ਅਤੇ ਅਮਰੀਕਾ ਵਿਚ ਜੈਨ-ਜ਼ੀ ਅਤੇ ਮਿਲੇਨੀਅਲ ਵਰਗ ਹੁਣ ਨਾਈਟ ਲਾਈਫ ਦੀ ਬਜਾਏ ਫਿਟਨੈੱਸ ਅਤੇ ਵੈੱਲਨੈੱਸ ਗਤੀਵਿਧੀਆਂ ’ਤੇ ਜ਼ਿਆਦਾ ਖ਼ਰਚ ਕਰ ਰਿਹਾ ਹੈ। ਸ਼ਰਾਬ ਦੀ ਖਪਤ ਵਿਚ ਆਈ ਗਿਰਾਵਟ ਦੇ ਵਿਚਕਾਰ ਜਿਮ ਮੈਂਬਰਸ਼ਿਪ ਅਤੇ ਫਿਟਨੈੱਸ ਕਲਾਸਾਂ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।
ਜਿੰਮ ਹੁਣ ਸਿਰਫ਼ ਕਸਰਤ ਦੀ ਜਗ੍ਹਾ ਨਹੀਂ
ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਮੀਅਮ ਜਿੰਮ ਅਤੇ ਬੁਟੀਕ ਫਿਟਨੈੱਸ ਸਟੂਡੀਓ ਹੁਣ ਸਮਾਜਿਕ ਮੇਲ-ਜੋਲ ਦੇ ਕੇਂਦਰ ਬਣਦੇ ਜਾ ਰਹੇ ਹਨ। ਇਥੇ ਲੋਕ ਸਿਰਫ਼ ਵਰਕਆਊਟ ਨਹੀਂ ਕਰਦੇ, ਸਗੋਂ ਨਵੇਂ ਦੋਸਤ ਬਣਾਉਂਦੇ ਹਨ ਅਤੇ ਸਮਾਂ ਬਿਤਾਉਂਦੇ ਹਨ। ਨੌਜਵਾਨ ਪੇਸ਼ੇਵਰਾਂ ਵਿਚਕਾਰ ਰਨ ਕਲੱਬ, ਯੋਗਾ ਗਰੁੱਪ ਅਤੇ ਗਰੁੱਪ ਫਿਟਨੈੱਸ ਕਲਾਸਾਂ ਕਾਫ਼ੀ ਪ੍ਰਸਿੱਧ ਹੋ ਰਹੀਆਂ ਹਨ। ਕਈ ਲੋਕ ਇਨ੍ਹਾਂ ਨੂੰ ਡੇਟਿੰਗ ਅਤੇ ਨੈੱਟਵਰਕਿੰਗ ਦੇ ਨਵੇਂ ਪਲੇਟਫਾਰਮ ਵਜੋਂ ਵੀ ਦੇਖ ਰਹੇ ਹਨ।
ਫਿਟਨੈੱਸ 'ਤੇ ਹਜ਼ਾਰਾਂ ਰੁਪਏ ਖਰਚ
ਰਿਪੋਰਟ ਮੁਤਾਬਕ ਅਮਰੀਕਾ ਅਤੇ ਯੂਰਪ ਦੇ ਵੱਡੇ ਸ਼ਹਿਰਾਂ ਵਿਚ ਨੌਜਵਾਨ ਹਰ ਮਹੀਨੇ ਫਿਟਨੈੱਸ ’ਤੇ ਵੱਡੀ ਰਕਮ ਖ਼ਰਚ ਕਰ ਰਹੇ ਹਨ। ਕੁਝ ਪ੍ਰੀਮੀਅਮ ਜਿੰਮ ਦੀ ਮੈਂਬਰਸ਼ਿਪ ਸਾਲਾਨਾ ਲੱਖਾਂ ਰੁਪਏ ਤੱਕ ਪਹੁੰਚ ਰਹੀ ਹੈ। ਬੁਟੀਕ ਫਿਟਨੈੱਸ ਸਟੂਡੀਓ ਦੀ ਇਕ-ਇਕ ਕਲਾਸ ਦੀ ਫੀਸ ਹਜ਼ਾਰਾਂ ਰੁਪਏ ਤੱਕ ਹੁੰਦੀ ਹੈ, ਫਿਰ ਵੀ ਨੌਜਵਾਨਾਂ ਵਿਚ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ।
ਸੋਸ਼ਲ ਮੀਡੀਆ ਦਾ ਵੀ ਵੱਡਾ ਅਸਰ
ਇੰਸਟਾਗ੍ਰਾਮ ਅਤੇ ਟਿਕਟੌਕ ਵਰਗੇ ਪਲੇਟਫਾਰਮਾਂ ’ਤੇ ਫਿਟਨੈੱਸ ਅਤੇ ਵੈੱਲਨੈੱਸ ਕੰਟੈਂਟ ਤੇਜ਼ੀ ਨਾਲ ਪ੍ਰਸਿੱਧ ਹੋਇਆ ਹੈ। ਨੌਜਵਾਨ ਫਿਟਨੈੱਸ ਨੂੰ ਸਿਰਫ ਸਿਹਤ ਨਹੀਂ, ਸਗੋਂ ਲਾਈਫ ਸਟਾਈਲ ਅਤੇ ਪਛਾਣ ਨਾਲ ਜੋੜ ਕੇ ਦੇਖ ਰਹੇ ਹਨ। ਮਾਹਿਰਾਂ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਲੋਕਾਂ ਵਿਚ ਨਿੱਜੀ ਸਿਹਤ ਅਤੇ ਮਾਨਸਿਕ ਸੰਤੁਲਨ ਨੂੰ ਲੈ ਕੇ ਜਾਗਰੂਕਤਾ ਵਧੀ ਹੈ, ਜਿਸ ਦਾ ਅਸਰ ਫਿਟਨੈੱਸ ਇੰਡਸਟਰੀ ’ਤੇ ਸਾਫ਼ ਦਿਸ ਰਿਹਾ ਹੈ।
ਔਰਤਾਂ ਦੀ ਭਾਗੀਦਾਰੀ ਵਧੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਦੀ ਭਾਗੀਦਾਰੀ ਵੀ ਤੇਜ਼ੀ ਨਾਲ ਵਧ ਰਹੀ ਹੈ। ਗਰੁੱਪ ਆਧਾਰਿਤ ਫਿਟਨੈੱਸ ਗਤੀਵਿਧੀਆਂ ਵਿਚ ਵੱਡੀ ਗਿਣਤੀ ’ਚ ਨੌਜਵਾਨ ਔਰਤਾਂ ਹਿੱਸਾ ਲੈ ਰਹੀਆਂ ਹਨ। ਫਿਟਨੈੱਸ ਕਲੱਬ ਹੁਣ ਬਰਥ-ਡੇ ਪਾਰਟੀਆਂ, ਸੋਸ਼ਲ ਈਵੈਂਟਸ ਅਤੇ ਨਿੱਜੀ ਸਮਾਗਮਾਂ ਦੇ ਆਯੋਜਨ ਲਈ ਵੀ ਵਰਤੇ ਜਾਣ ਲੱਗੇ ਹਨ।
