ਗੁਰੂਘਰਾਂ ’ਚ ਵਿਅਕਤੀ-ਪੂਜਾ ਤੇ ਬਾਹਰੀ ਦਖ਼ਲ ਬਰਦਾਸ਼ਤ ਨਹੀਂ ; ਯੂਰਪੀ ਪੰਥਕ ਜਥੇਬੰਦੀਆਂ

Saturday, Sep 19, 2026 - 05:12 PM (IST)

ਗੁਰੂਘਰਾਂ ’ਚ ਵਿਅਕਤੀ-ਪੂਜਾ ਤੇ ਬਾਹਰੀ ਦਖ਼ਲ ਬਰਦਾਸ਼ਤ ਨਹੀਂ ; ਯੂਰਪੀ ਪੰਥਕ ਜਥੇਬੰਦੀਆਂ

ਲੰਡਨ/ਜਰਮਨੀ (ਸਰਬਜੀਤ ਸਿੰਘ ਬਨੂੜ)- ਜਰਮਨੀ ਦੀਆਂ ਪੰਥਕ ਜਥੇਬੰਦੀਆਂ ਦੇ ਵੱਖ ਵੱਖ-ਵੱਖ ਬੁਲਾਰਿਆਂ ਨੇ ਪੰਥ ਦੇ ਨਾਂ ਜਾਰੀ ਸਾਂਝੇ ਬਿਆਨ 'ਚ ਗੁਰੂਘਰਾਂ ਅੰਦਰ ਵਧ ਰਹੇ ਅਨਮਤੀ ਕਾਰਜਾਂ, ਵਿਅਕਤੀ-ਪੂਜਾ ਅਤੇ ਬਾਹਰੀ ਵਿਚਾਰਧਾਰਕ ਦਖ਼ਲ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਗੁਰੂਘਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਗੁਰਮਤਿ ਮਰਿਆਦਾ ਦੇ ਕੇਂਦਰ ਹਨ ਅਤੇ ਇਨ੍ਹਾਂ ਨੂੰ ਕਿਸੇ ਸਾਧ, ਡੇਰੇਦਾਰ ਜਾਂ ਸਿਆਸੀ ਤਾਕਤ ਦੇ ਪ੍ਰਭਾਵ ਦਾ ਮੰਚ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।

ਯੂਰਪ ਦੇ ਪੰਥਕ ਆਗੂਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਭਾਈ ਹੀਰਾ ਸਿੰਘ ਮੱਤੇਵਾਲ, ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਕੁਝ ਥਾਵਾਂ ’ਤੇ ਸਾਧਾਂ ਵੱਲੋਂ ਗੁਰੂਘਰਾਂ ਵਿੱਚ ਸੰਗਤਾਂ ਕੋਲੋਂ ਮੱਥੇ ਟਿਕਵਾਉਣ ਦੀਆਂ ਘਟਨਾਵਾਂ ਸਾਹਮਣੇ ਆਉਣ ਅਤੇ ਤਖ਼ਤ ਸਾਹਿਬ ’ਤੇ ਵਿਵਾਦਤ ਸਿਆਸੀ ਆਗੂਆਂ ਲਈ ਅਰਦਾਸਾਂ ਕੀਤੇ ਜਾਣ ਵਰਗੇ ਮਾਮਲੇ ਸਿੱਖ ਸੰਗਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਗੁਰੂਘਰਾਂ ਵਿੱਚ ਕੇਂਦਰ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਮਤਿ ਸਿਧਾਂਤ ਹੋਣੇ ਚਾਹੀਦੇ ਹਨ।

PunjabKesari

ਬੁਲਾਰਿਆਂ ਨੇ ਆਰ.ਐੱਸ.ਐੱਸ. ਦੇ ਵਧ ਰਹੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਰ.ਐੱਸ.ਐੱਸ. ਨਾਲ ਜੋੜੀ ਜਾਂਦੀ ‘ਹਿੰਦੂ ਰਾਸ਼ਟਰ’ ਦੀ ਵਿਚਾਰਧਾਰਾ ਅਤੇ ਸਿੱਖ ਪੰਥ ਦੀ ਵੱਖਰੀ ਧਾਰਮਿਕ ਤੇ ਪੰਥਕ ਪਛਾਣ ਨਾਲ ਸਬੰਧਤ ਮਸਲਿਆਂ ’ਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਆਰ.ਐੱਸ.ਐੱਸ. ਨੂੰ ਸਿੱਖ ਸੰਸਥਾਵਾਂ ਅਤੇ ਗੁਰੂਘਰਾਂ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਪੰਥ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਪੰਥਕ ਮਾਮਲਿਆਂ ਬਾਰੇ ਫ਼ੈਸਲੇ ਖ਼ੁਦ ਕਰਨ ਦਾ ਹੱਕ ਰੱਖਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਜੇ ਸਿੱਖ ਸੰਸਥਾਵਾਂ ਵਿੱਚ ਬਾਹਰੀ ਦਖ਼ਲ ਸਬੰਧੀ ਚਿੰਤਾਵਾਂ ਦੂਰ ਨਾ ਹੋਈਆਂ ਤਾਂ ਵਿਦੇਸ਼ਾਂ ਵਿੱਚ ਇਸ ਵਿਰੁੱਧ ਉੱਠ ਰਹੀ ਆਵਾਜ਼ ਹੋਰ ਸੰਗਠਿਤ ਹੋ ਸਕਦੀ ਹੈ।

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਨੇ ਸਿੱਖ ਸਿਆਸੀ ਆਗੂਆਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਸਿਆਸੀ ਰੁਤਬਾ ਜਾਂ ਅਹੁਦਾ ਕਿਸੇ ਵਿਅਕਤੀ ਨੂੰ ਪੰਥਕ ਮਰਿਆਦਾ ਤੋਂ ਉੱਪਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਨਾਲ ਨੇੜਤਾ ਰੱਖਣ ਵਾਲੇ ਜਾਂ ਗੁਰੂਘਰਾਂ ਦੀ ਮਰਿਆਦਾ ਸਬੰਧੀ ਵਿਵਾਦਾਂ ਵਿੱਚ ਘਿਰਨ ਵਾਲੇ ਆਗੂਆਂ ਨੂੰ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਦੇ ਸਵਾਲਾਂ ਅਤੇ ਸ਼ਾਂਤਮਈ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁਲਾਰਿਆਂ ਅਨੁਸਾਰ ਆਰ.ਐੱਸ.ਐੱਸ. ਦੇ ਪ੍ਰਭਾਵ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਜਵਾਬ ਕੇਵਲ ਬਿਆਨਬਾਜ਼ੀ ਨਾਲ ਨਹੀਂ, ਸਗੋਂ ਸਿੱਖ ਪੰਥ ਦੀ ਵਿਚਾਰਧਾਰਕ ਅਤੇ ਸੰਸਥਾਗਤ ਖ਼ੁਦਮੁਖ਼ਤਿਆਰੀ ਨੂੰ ਮਜ਼ਬੂਤ ਕਰਕੇ ਦਿੱਤਾ ਜਾਣਾ ਚਾਹੀਦਾ ਹੈ।

PunjabKesari

ਇਸੇ ਸੰਦਰਭ ਵਿੱਚ ਬੁਲਾਰਿਆਂ ਨੇ ਖ਼ਾਲਿਸਤਾਨ ਦੀ ਮੰਗ ਨੂੰ ਵੀ ਸਿੱਖ ਪੰਥ ਦੀ ਰਾਜਨੀਤਕ ਖ਼ੁਦਮੁਖ਼ਤਿਆਰੀ ਅਤੇ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਦੇ ਹੱਕ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ’ਤੇ ਪੰਥ ਅੰਦਰ ਗੰਭੀਰ, ਖੁੱਲ੍ਹੀ ਅਤੇ ਵਿਚਾਰਧਾਰਕ ਚਰਚਾ ਹੋਣੀ ਚਾਹੀਦੀ ਹੈ। ਜਥੇਬੰਦੀਆਂ ਨੇ ਸਿੱਖ ਸੰਗਤਾਂ ਅਤੇ ਪੰਥਕ ਧਿਰਾਂ ਨੂੰ ਗੁਰੂਘਰਾਂ ਦੀ ਮਰਿਆਦਾ, ਸਿੱਖ ਪਛਾਣ ਅਤੇ ਪੰਥਕ ਸੰਸਥਾਵਾਂ ਦੀ ਸੁਤੰਤਰਤਾ ਦੀ ਰਾਖੀ ਲਈ ਇਕਜੁੱਟ ਹੋਣ ਅਤੇ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।


author

Harpreet SIngh

Content Editor

Related News