ਗਲੋਬਲ ਪੱਧਰ ''ਤੇ ਵੱਖਰੀ ਪਛਾਣ ਬਣਾ ਰਹੀ Indian Contemporary Art, ਡਿਮਾਂਡ ''ਚ ਭਾਰੀ ਵਾਧਾ
Tuesday, Sep 15, 2026 - 02:10 PM (IST)
ਇੰਟਰਨੈਸ਼ਨਲ ਡੈਸਕ- ਦੁਨੀਆ ਦੇ ਸਭ ਤੋਂ ਵੱਡੇ ਕਲਾ ਕੇਂਦਰਾਂ ਵੈਨਿਸ, ਲੰਡਨ ਅਤੇ ਨਿਊਯਾਰਕ 'ਚ Indian Contemporary Art (ਭਾਰਤੀ ਸਮਕਾਲੀ ਕਲਾ) ਦੀ ਮੰਗ 'ਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਗਲੋਬਲ ਆਰਟ ਮਾਰਕੀਟ 'ਚ ਭਾਰਤੀ ਕਲਾਕਾਰ, ਆਕਸ਼ਨ ਹਾਊਸ ਅਤੇ ਗੈਲਰੀਆਂ ਵਿਸ਼ਵ ਪੱਧਰੀ ਪ੍ਰਦਰਸ਼ਨੀਆਂ 'ਚ ਕੇਂਦਰ ਬਿੰਦੂ ਬਣ ਕੇ ਉੱਭਰੇ ਹਨ।
7 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਭਾਰਤ ਨੇ ਵੈਨਿਸ ਬਿਏਨਾਲੇ ਵਿਖੇ ਆਪਣਾ ਅਧਿਕਾਰਤ 'ਇੰਡੀਆ ਪਵੇਲੀਅਨ' ਸਥਾਪਿਤ ਕੀਤਾ ਹੈ। Remembering Home ਵਿਸ਼ੇ ਤਹਿਤ ਭਾਰਤ ਦੇ 5 ਪ੍ਰਮੁੱਖ ਸਮਕਾਲੀ ਕਲਾਕਾਰਾਂ ਦੀਆਂ ਇਤਿਹਾਸਕ ਅਤੇ ਸੱਭਿਆਚਾਰਕ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਸ ਦੀ ਗਲੋਬਲ ਆਰਟ ਕ੍ਰਿਟਿਕਸ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਨਿਊਯਾਰਕ ਦੇ 'ਮਿਊਜ਼ੀਅਮ ਆਫ਼ ਮਾਡਰਨ ਆਰਟ' (MoMA) ਅਤੇ ਲੰਡਨ ਦੀ 'ਟੇਟ ਮਾਡਰਨ' ਵਰਗੀਆਂ ਨਾਮਵਰ ਗੈਲਰੀਆਂ 'ਚ ਭਾਰਤੀ ਕਲਾਕਾਰਾਂ ਦੀਆਂ Solo ਅਤੇ ਸਾਂਝੀਆਂ ਪ੍ਰਦਰਸ਼ਨੀਆਂ ਦਾ ਦੌਰ ਜਾਰੀ ਹੈ। ਐੱਸ. ਐੱਚ. ਰਜ਼ਾ, ਐੱਮ. ਐੱਫ਼. ਹੁਸੈਨ ਅਤੇ ਜਾਮਿਨੀ ਰੌਏ ਵਰਗੇ ਪੁਰਾਤਨ ਮਾਸਟਰਾਂ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਸਮਕਾਲੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਲੰਡਨ ਅਤੇ ਨਿਊਯਾਰਕ ਦੇ ਆਕਸ਼ਨ ਹਾਊਸਾਂ 'ਚ ਰਿਕਾਰਡ ਕੀਮਤਾਂ 'ਤੇ ਵਿਕ ਰਹੀਆਂ ਹਨ।
ਆਰਟ ਮਾਰਕੀਟ ਦੇ ਮਾਹਿਰਾਂ ਅਨੁਸਾਰ, ਭਾਰਤੀ ਆਰਥਿਕਤਾ 'ਚ ਆਈ ਤੇਜ਼ੀ ਅਤੇ ਗਲੋਬਲ ਭਾਰਤੀ ਭਾਈਚਾਰੇ ਦੀ ਸਰਪ੍ਰਸਤੀ ਕਾਰਨ ਅੰਤਰਰਾਸ਼ਟਰੀ ਆਰਟ ਮਾਰਕੀਟ 'ਚ ਭਾਰਤੀ ਕਲਾ ਦੀ ਕੀਮਤ ਅਤੇ ਮੰਗ 'ਚ ਜ਼ਬਰਦਸਤ ਉਛਾਲ ਆਇਆ ਹੈ। ਵੈਨਿਸ, ਲੰਡਨ ਅਤੇ ਨਿਊਯਾਰਕ 'ਚ ਭਾਰਤੀ ਕਲਾ ਦੀ ਵਧਦੀ ਹਾਜ਼ਰੀ ਭਾਰਤ ਦੀ "ਸੌਫ਼ਟ ਪਾਵਰ" ਨੂੰ ਮਜ਼ਬੂਤ ਕਰ ਰਹੀ ਹੈ, ਜਿਸ ਨਾਲ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ 'ਤੇ ਇੱਕ ਨਵੀਂ ਅਤੇ ਆਧੁਨਿਕ ਪਛਾਣ ਮਿਲ ਰਹੀ ਹੈ।
