ਰੂਸ ਤੋਂ ਰਿਆਇਤੀ ਦਰਾਂ ’ਤੇ ਤੇਲ ਦੀ ਪਹਿਲੀ ਖੇਪ ਲੈ ਕੇ ਬੇੜਾ ਕਰਾਚੀ ਬੰਦਰਗਾਹ ’ਤੇ ਪੁੱਜਾ

06/14/2023 3:45:16 PM

ਇਸਲਾਮਾਬਾਦ– ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਨਾਲ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਰੂਸ ਪਾਕਿਸਤਾਨ ਨਾਲ ਸਹਿਯੋਗ ਵਧਾਉਣ ਲਈ ਸਦਾ ਹੀ ਇੱਛੁਕ ਰਿਹਾ ਹੈ ਅਤੇ ਕਿਸੇ ਵੀ ਹਾਲਾਤ ਵਿਚ ਉਸ ਨੇ ਇਸ ਵਚਨਬੱਧਤਾ ਨੂੰ ਤਿਆਗਿਆ ਨਹੀਂ ਹੈ। ਆਪਣੇ ਸੰਦੇਸ਼ ਦੀ ਸਮਾਪਤੀ ਉਨ੍ਹਾਂ ‘ਪਾਕਿਸਤਾਨ-ਰੂਸੀ ਦੋਸਤੀ ਜ਼ਿੰਦਾਬਾਦ’ ਦੇ ਨਾਅਰੇ ਨਾਲ ਕੀਤੀ। ਰੂਸ ਨਾਲ ਰਿਆਇਤੀ ਦਰਾਂ ’ਤੇ ਤੇਲ ਦੀ ਪਹਿਲੀ ਖੇਪ ਲੈ ਕੇ ਇਕ ਬੇੜਾ ਕਰਾਚੀ ਬੰਦਰਗਾਹ ’ਤੇ ਪੁੱਜਾ ਅਤੇ ਇਸੇ ਦੌਰਾਨ ਵਿਦੇਸ਼ ਮੰਤਰੀ ਦਾ ਇਹ ਬਿਆਨ ਆਇਆ।

ਲਾਵਰੋਵ ਦਾ ਇਹ ਬਿਆਨ ਦੋਵਾਂ ਦੇਸ਼ਾਂ ਦਰਮਿਆਨ ਡਿਪਲੋਮੈਟਿਕ ਸੰਬੰਧਾਂ ਦੇ 75 ਸਾਲ ਪੂਰੇ ਹੋਣ ਮੌਕੇ ਆਇਆ ਹੈ। ਲਾਵਰੋਵ ਨੇ ਕਿਹਾ ਕਿ ਰੂਸ ਪਾਕਿਸਤਾਨ ਨੂੰ ਸਰਹੱਦ ਪਾਰ ਅਪਰਾਧ ਅਤੇ ਅੱਤਵਾਦ ਸਮੇਤ ਸਾਂਝੀਆਂ ਸੁਰੱਖਿਆ ਚੁਣੌਤੀਆਂ ਅਤੇ ਖਤਰਿਆਂ ਨਾਲ ਨਜਿੱਠਣ ਦੇ ਸਾਂਝੇ ਯਤਨਾਂ ਵਿਚ ਅਹਿਮ ਕੌਮਾਂਤਰੀ ਭਾਈਵਾਲ ਮੰਨਦਾ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਰਿਆਇਤੀ ਰੂਸੀ ਕੱਚੇ ਤੇਲ ਨੂੰ ਦੇਸ਼ ਦੇ ਬੰਦਰਗਾਹ ਸ਼ਹਿਰ ਵਿਚ ਇਕ ਤੇਲ ਸੋਧਕ ਕਾਰਖਾਨੇ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਸ ਕਦਮ ਨਾਲ ਆਸਮਾਨ ਛੂੰਹਦੀ ਮਹਿੰਗਾਈ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਇਸਲਾਮਾਬਾਦ ਅਤੇ ਮਾਸਕੋ ਦਰਮਿਆਨ ਅਪ੍ਰੈਲ ਵਿਚ ਇਕ ਸਮਝੌਤੇ ’ਤੇ ਹਸਤਾਖਰ ਹੋਏ ਸਨ ਅਤੇ ਉਸ ਤੋਂ ਬਾਅਦ ਰਿਆਇਤੀ ਰੂਸੀ ਕੱਚੇ ਤੇਲ ਦੀ ਪਹਿਲੀ ਖੇਪ ਐਤਵਾਰ ਨੂੰ ਕਰਾਚੀ ਪੁੱਜੀ।


cherry

Content Editor

Related News