ਸਕਾਟਲੈਂਡ ਦੀ ਇਸ ਜੇਲ੍ਹ ''ਚ ਲੱਗਿਆ ਪਹਿਲਾ ਬਾਡੀ ਸਕੈਨਰ

05/05/2022 3:59:23 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿੱਚ ਸਕਾਟਿਸ਼ ਜੇਲ੍ਹ ਸੇਵਾ ਨੇ ਨਸ਼ਾ ਅਤੇ ਹੋਰ ਸਮੱਗਰੀ ਦੀ ਤਸਕਰੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਐੱਚ. ਐੱਮ. ਪੀ. ਬਾਰਲਿਨੀ ਜੇਲ੍ਹ ਵਿੱਚ ਪਹਿਲਾ ਬਾਡੀ ਸਕੈਨਰ ਲਗਾਇਆ ਹੈ, ਜਿਸ ਨਾਲ ਹਥਿਆਰਾਂ, ਮੋਬਾਈਲ ਫੋਨਾਂ ਅਤੇ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਇਆ ਜਾ ਸਕੇਗਾ। ਬਾਰਲਿਨੀ ਦੇ ਗਵਰਨਰ ਮਾਈਕਲ ਸਟੋਨੀ ਨੇ ਕਿਹਾ ਕਿ ਡਰੱਗ ਦੇ ਮਾਮਲੇ ਵਜੋਂ ਹਸਪਤਾਲ ਲਿਜਾਏ ਜਾਣ ਵਾਲੇ ਕੈਦੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ ਅਤੇ ਉਹਨਾਂ ਕਿਹਾ ਕਿ ਜੇਲ੍ਹ ਵਿੱਚ ਆਉਣ ਵਾਲੇ ਬਹੁਤ ਸਾਰੇ ਨਸ਼ੀਲੇ ਪਦਾਰਥਾਂ ਨੂੰ ਰੋਕਿਆ ਗਿਆ ਹੈ ਅਤੇ ਜੇਲ੍ਹ ਹੁਣ ਬਹੁਤ ਹੱਦ ਤੱਕ ਸੁਰੱਖਿਅਤ ਹੈ। ਇਸ ਗਲਾਸਗੋ ਜੇਲ੍ਹ ਵਿੱਚ ਛੇ ਮਹੀਨਿਆਂ ਤੋਂ ਕੰਮ ਕਰ ਰਹੇ ਬਾਡੀ ਸਕੈਨਰ ਨੂੰ ਯੂਕੇ ਸਰਕਾਰ ਵੱਲੋਂ ਲਾਇਸੈਂਸ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਤੱਕ ਇੰਗਲੈਂਡ ਅਤੇ ਵੇਲਜ਼ ਦੀਆਂ 73 ਜੇਲ੍ਹਾਂ ਵਿੱਚ ਬਾਡੀ ਸਕੈਨਰ ਦੀ ਵਰਤੋਂ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ ਗੈਰ-ਕਾਨੂੰਨੀ ਪਦਾਰਥ ਅਕਸਰ ਭੇਜੇ ਕੱਪੜਿਆਂ ਜਾਂ ਚਿੱਠੀਆਂ ਰਾਹੀਂ ਜੇਲ੍ਹਾਂ ਦੇ ਅੰਦਰ ਆਉਂਦੇ ਹਨ। ਨਵੰਬਰ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਕੋਵਿਡ ਮਹਾਮਾਰੀ ਦੌਰਾਨ ਸਕਾਟਲੈਂਡ ਦੀਆਂ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਵਾਧਾ ਹੋਇਆ ਸੀ, ਉਦੋਂ ਜੇਲ੍ਹ ਅਧਿਕਾਰੀ ਹਰ ਆਈਟਮ ਨੂੰ ਸਕੈਨ ਕਰਨ ਦੇ ਯੋਗ ਨਹੀਂ ਸਨ। ਦੱਸ ਦੇਈਏ ਕਿ ਐੱਚ. ਐੱਮ. ਪੀ. ਬਾਰਲਿਨੀ ਵਿੱਚ ਕੈਦੀਆਂ ਨੂੰ ਪ੍ਰਤੀ ਦਿਨ ਲਗਭਗ 340 ਚਿੱਠੀਆਂ ਮਿਲਦੀਆਂ ਹਨ।


cherry

Content Editor

Related News