ਜਾਪਾਨ ''ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

Wednesday, Nov 19, 2025 - 11:56 AM (IST)

ਜਾਪਾਨ ''ਚ ਅੱਗ ਨੇ ਮਚਾਇਆ ਤਾਂਡਵ ! 170 ਤੋਂ ਵੱਧ ਇਮਾਰਤਾਂ ਹੋਈਆਂ ਖ਼ਾਕ

ਇੰਟਰਨੈਸ਼ਨਲ ਡੈਸਕ- ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੱਖਣ 'ਚ ਸਥਿਤ ਤੱਟਵਰਤੀ ਸ਼ਹਿਰ, ਓਇਟਾ ਵਿੱਚ ਭਿਆਨਕ ਅੱਗ ਲੱਗਣ ਕਾਰਨ 170 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ। ਰਾਸ਼ਟਰੀ ਫਾਇਰ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਅੱਗ ਰਾਤ ਭਰ ਬਲਦੀ ਰਹੀ ਅਤੇ ਅਜੇ ਵੀ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ ਹੈ।

ਇਹ ਭਿਆਨਕ ਅੱਗ ਮੰਗਲਵਾਰ ਸ਼ਾਮ ਲਗਭਗ 5:40 ਵਜੇ ਓਇਟਾ ਸ਼ਹਿਰ ਦੇ ਸਾਗਾਨੋਸੇਕੀ ਜ਼ਿਲ੍ਹੇ ਵਿੱਚ ਲੱਗੀ ਸੀ, ਜੋ ਕਿ ਟੋਕੀਓ ਤੋਂ ਲਗਭਗ 770 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ। ਫਾਇਰ ਐਂਡ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਦੇ ਅਨੁਸਾਰ ਅੱਗ ਲੱਗਣ ਤੋਂ ਬਾਅਦ ਸਾਗਾਨੋਸੇਕੀ ਜ਼ਿਲ੍ਹੇ ਦੇ ਲਗਭਗ 175 ਵਸਨੀਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇੱਕ ਐਮਰਜੈਂਸੀ ਸ਼ੈਲਟਰ ਵਿੱਚ ਭੇਜਿਆ ਗਿਆ ਹੈ।

PunjabKesari

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਦੁਖਦ ਘਟਨਾ ਵਿੱਚ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਸਥਾਨਕ ਪ੍ਰਸਾਰਕਾਂ ਵੱਲੋਂ ਜਾਰੀ ਏਰੀਅਲ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਪਹਾੜੀ ਕਸਬੇ ਵਿੱਚ ਘਰ ਮਲਬੇ ਵਿੱਚ ਤਬਦੀਲ ਹੋ ਗਏ ਹਨ ਅਤੇ ਧੂੰਏਂ ਦੇ ਸੰਘਣੇ ਗੁਬਾਰ ਛਾ ਰਹੇ ਹਨ। ਸਥਾਨਕ ਮੀਡੀਆ ਨੇ ਇਹ ਵੀ ਦੱਸਿਆ ਕਿ ਅੱਗ ਦੀਆਂ ਲਪਟਾਂ ਨੇੜੇ ਦੀਆਂ ਜੰਗਲੀ ਢਲਾਣਾਂ ਤੱਕ ਵੀ ਫੈਲ ਗਈਆਂ ਸਨ।

ਜਾਪਾਨੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੇ ਇੱਕ ਪੋਸਟ ਵਿੱਚ ਦੱਸਿਆ ਕਿ ਓਇਟਾ ਪ੍ਰੀਫੈਕਚਰ ਦੇ ਗਵਰਨਰ ਦੀ ਬੇਨਤੀ 'ਤੇ ਅੱਗ 'ਤੇ ਕਾਬੂ ਪਾਉਣ ਵਿੱਚ ਮਦਦ ਲਈ ਇੱਕ ਮਿਲਟਰੀ ਫਾਇਰਫਾਈਟਿੰਗ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News