ਜਾਪਾਨ ਨੇ ਤਾਈਵਾਨ ਸਬੰਧੀ ਟਿੱਪਣੀ ’ਤੇ ਚੀਨ ਦੀ ਯਾਤਰਾ ਸਲਾਹ ਦਾ ਕੀਤਾ ਵਿਰੋਧ
Sunday, Nov 16, 2025 - 09:21 AM (IST)
ਇੰਟਰਨੈਸ਼ਨਲ ਡੈਸਕ- ਤਾਈਵਾਨ ਬਾਰੇ ਜਾਪਾਨ ਦੀ ਨਵੀਂ ਪ੍ਰਧਾਨ ਮੰਤਰੀ ਦੀ ਟਿੱਪਣੀ ਨੂੰ ਲੈ ਕੇ ਟੋਕੀਓ ਤੇ ਬੀਜਿੰਗ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਟੋਕੀਓ ਨੇ ਇਸ ਟਿੱਪਣੀ ’ਤੇ ਚੀਨ ਦੇ ਆਪਣੇ ਨਾਗਰਿਕਾਂ ਨੂੰ ਜਾਪਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦੇਣ ’ਤੇ ਸ਼ਨੀਵਾਰ ਨੂੰ ਇਤਰਾਜ਼ ਜ਼ਾਹਿਰ ਕੀਤਾ।
ਜਾਪਾਨ ਦੀ ਇਕ ਰਿਪੋਰਟ ਅਨੁਸਾਰ ਜਾਪਾਨ ਸਰਕਾਰ ਨੇ ਇਸ ਘਟਨਾਚੱਕਰ ’ਤੇ ਸਖਤ ਵਿਰੋਧ ਦਰਜ ਕਰਵਾਇਆ ਹੈ ਅਤੇ ਉਸ ਦੇ ਚੋਟੀ ਦੇ ਬੁਲਾਰੇ ਤੇ ਮੁੱਖ ਕੈਬਨਿਟ ਸਕੱਤਰ ਮਿਨੋਰੂ ਕਿਹਾਰਾ ਨੇ ਚੀਨ ਨੂੰ ‘ਬਣਦੇ ਕਦਮ’ ਚੁੱਕਣ ਦੀ ਅਪੀਲ ਕੀਤੀ ਹੈ।
ਚੀਨ ਨੇ ਸ਼ੁੱਕਰਵਾਰ ਨੂੰ ਆਪਣੇ ਨਾਗਰਿਕਾਂ ਨੂੰ ਨੇੜ ਭਵਿੱਖ ਵਿਚ ਜਾਪਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ। ਉਸ ਨੇ ਜਾਪਾਨ ਵਿਚ ਚੀਨੀ ਨਾਗਰਿਕਾਂ ’ਤੇ ਪਹਿਲਾਂ ਹੋਏ ਹਮਲਿਆਂ ਅਤੇ ਤਾਈਵਾਨ ਬਾਰੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦੀਆਂ ‘ਗਲਤ ਟਿੱਪਣੀਆਂ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਟਿੱਪਣੀਆਂ ਨੇ ਚੀਨ-ਜਾਪਾਨ ਵਿਚਾਲੇ ਵਟਾਂਦਰੇ ਦੇ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ।
