ਪਾਕਿ ਦੀ PIA ਦੇ ਹੋਏ ਬੁਰੇ ਹਾਲ ! 8 ਸਾਲ ਤੋਂ ਨਹੀਂ ਵਧਾਈ ਤਨਖ਼ਾਹ, ਹੁਣ ਸਾਰੀਆਂ ਫਲਾਈਟਾਂ ਹੋਈਆਂ ਰੱਦ
Tuesday, Nov 04, 2025 - 12:35 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਦੌਰਾਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜੋ ਕਿ ਇਸ ਸਮੇਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਏਅਰਕ੍ਰਾਫਟ ਇੰਜੀਨੀਅਰਾਂ ਨੇ ਤਨਖ਼ਾਹ ਵਾਧੇ ਅਤੇ ਸੁਰੱਖਿਆ ਚਿੰਤਾਵਾਂ ਦੇ ਚੱਲਦਿਆਂ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਹੜਤਾਲ ਕਾਰਨ ਦੇਸ਼ ਭਰ ਵਿੱਚ ਏਅਰਲਾਈਨ ਦੀਆਂ ਉਡਾਣਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ।
ਸੋਸਾਇਟੀ ਆਫ਼ ਏਅਰਕ੍ਰਾਫਟ ਇੰਜੀਨੀਅਰਜ਼ ਆਫ਼ ਪਾਕਿਸਤਾਨ (SAEP) ਦੇ ਮੈਂਬਰਾਂ ਨੇ ਏਅਰਵਰਦੀਨੈੱਸ ਕਲੀਅਰੈਂਸ ਦੇਣਾ ਬੰਦ ਕਰ ਦਿੱਤਾ ਹੈ। ਨਤੀਜੇ ਵਜੋਂ, ਸੋਮਵਾਰ ਰਾਤ 8 ਵਜੇ ਤੋਂ ਬਾਅਦ ਤੈਅ ਕੀਤੀਆਂ ਗਈਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੁਣ ਤੱਕ ਘੱਟੋ-ਘੱਟ 12 ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਜੇਦਾਹ, ਮਦੀਨਾ ਅਤੇ ਇਸਲਾਮਾਬਾਦ ਤੋਂ ਉਡਾਣਾਂ ਸ਼ਾਮਲ ਹਨ। ਇਸ ਕਾਰਨ ਇਸਲਾਮਾਬਾਦ, ਕਰਾਚੀ ਅਤੇ ਲਾਹੌਰ ਵਰਗੇ ਵੱਡੇ ਹਵਾਈ ਅੱਡਿਆਂ 'ਤੇ ਹਜ਼ਾਰਾਂ ਯਾਤਰੀ ਫਸੇ ਹੋਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਉਮਰਾ ਜ਼ਾਇਰੀਨ (ਤੀਰਥ ਯਾਤਰੀ) ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਰੱਦ ਹੋਣਗੇ Driving License ! CM ਸ਼ਰਮਾ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇੰਜੀਨੀਅਰਾਂ ਨੇ ਕੰਮ ਬੰਦ ਕਰਨ ਦੇ ਕਈ ਮੁੱਖ ਕਾਰਨ ਦੱਸੇ ਹਨ, ਜਿਨ੍ਹਾਂ 'ਚ ਪਿਛਲੇ 8 ਸਾਲਾਂ ਤੋਂ ਤਨਖਾਹ 'ਚ ਕੋਈ ਵਾਧਾ ਨਾ ਹੋਣਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਪੇਅਰ ਪਾਰਟਸ ਦੀ ਵੀ ਭਾਰੀ ਕਮੀ ਦਰਜ ਕੀਤੀ ਜਾ ਰਹੀ ਹੈ। ਇੰਜੀਨੀਅਰਾਂ ਦਾ ਦੋਸ਼ ਹੈ ਕਿ ਮੈਨੇਜਮੈਂਟ ਉਨ੍ਹਾਂ 'ਤੇ ਦਬਾਅ ਪਾ ਕੇ ਅਨਫਿੱਟ ਜਹਾਜ਼ਾਂ ਨੂੰ ਵੀ ਉਡਾਣ ਭਰਨ ਦੀ ਮਨਜ਼ੂਰੀ ਦੇਣ ਲਈ ਮਜਬੂਰ ਕਰ ਰਿਹਾ ਹੈ।
SAEP ਨੇ ਚੇਤਾਵਨੀ ਦਿੱਤੀ ਹੈ ਕਿ ਉਹ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਪ੍ਰਬੰਧਨ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰਨਗੇ। ਇੰਜੀਨੀਅਰਾਂ ਨੇ ਦੱਸਿਆ ਕਿ ਉਹ ਪਿਛਲੇ ਢਾਈ ਮਹੀਨਿਆਂ ਤੋਂ ਕਾਲਾ ਆਰਮਬੈਂਡ ਪਹਿਨ ਕੇ ਵਿਰੋਧ ਜਤਾ ਰਹੇ ਸਨ, ਪਰ ਪ੍ਰਬੰਧਨ ਵੱਲੋਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਹੁਣ ਪੂਰੀ ਹੜਤਾਲ 'ਤੇ ਚਲੇ ਗਏ ਹਨ।
ਇੰਜੀਨੀਅਰਾਂ ਦੀ ਹੜਤਾਲ ਨੂੰ ਦੇਖਦੇ ਹੋਏ PIA ਦੇ ਸੀਈਓ ਨੇ ਇਸ ਹੜਤਾਲ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਇਹ ਹੜਤਾਲ 'ਪਾਕਿਸਤਾਨ ਐਸੈਂਸ਼ੀਅਲ ਸਰਵਿਸਿਜ਼ ਐਕਟ 1952' ਤਹਿਤ ਗੈਰ-ਕਾਨੂੰਨੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
PIA ਮੈਨੇਜਮੈਂਟ ਹੁਣ ਹੋਰ ਏਅਰਲਾਈਨਾਂ ਦੀ ਮਦਦ ਨਾਲ ਇੰਜੀਨੀਅਰਿੰਗ ਸਪੋਰਟ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਡਾਣਾਂ ਜਲਦੀ ਤੋਂ ਜਲਦੀ ਬਹਾਲ ਹੋ ਸਕਣ। ਹਾਲਾਂਕਿ SAEP ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਏਅਰਲਾਈਨ ਦਾ ਸੀ.ਈ.ਓ. ਆਪਣਾ ਰਵੱਈਆ ਨਹੀਂ ਬਦਲਦਾ, ਉਦੋਂ ਤੱਕ ਕੋਈ ਵੀ ਮੈਂਬਰ ਕੰਮ 'ਤੇ ਵਾਪਸ ਨਹੀਂ ਆਵੇਗਾ।
ਜ਼ਿਕਰਯੋਗ ਹੈ ਕਿ PIA ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਵਿੱਚ ਘਿਰਿਆ ਹੋਇਆ ਹੈ ਅਤੇ ਸਰਕਾਰ ਕਰਜ਼ੇ ਵਿੱਚ ਡੁੱਬੀ ਇਸ ਕੰਪਨੀ ਨੂੰ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਪ੍ਰੋਗਰਾਮ ਤਹਿਤ ਇਸ ਸਾਲ ਦੇ ਅੰਤ ਤੱਕ ਵੇਚਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਕੁਝ ਸਮਾਂ ਪਹਿਲਾਂ ਹੋਈ ਧੀ ਦੀ ਮੌਤ, ਸ਼ੱਕ 'ਚ ਬੰਦੇ ਨੇ ਮਾਰ'ਤੀ ਆਪਣੀ ਹੀ ਮਾਂ, ਬੇਰਹਿਮੀ ਨਾਲ ਲਈ ਜਾਨ
