ਕੈਲੀਫੋਨੀਆ ’ਚ ਅੱਗ ਤੇ ਡਰ ਦੇ ਪ੍ਰਛਾਵੇਂ ਹੇਠ ਜੀਅ ਰਹੇ ਲੋਕ
Monday, Aug 09, 2021 - 12:33 AM (IST)
ਗ੍ਰੀਨਵਿਲੇ/ਏਥਨਜ਼- ਅਮਰੀਕਾ ਦੇ ਕੈਲੀਫੋਰਨੀਆ ਵਿਚ ਲੱਗੀ ਭਿਆਨਕ ਅੱਗ ਕਾਰਨ ਇੱਥੋਂ ਦੇ ਵਸਨੀਕਾਂ ਦੇ ਮਨ ਵਿਚ ਡਰ ਹੈ ਕਿਉਂਕਿ ਹਜ਼ਾਰਾਂ ਘਰਾਂ ਦੇ ਸੜ ਕੇ ਸੁਆਹ ਹੋ ਜਾਣ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਲੋਕ ਡਰ ਦੇ ਪ੍ਰਛਾਵੇਂ ਹੇਠ ਜੀਅ ਰਹੇ ਹਨ। ਤੇਜ਼ ਹਵਾਵਾਂ ਅਤੇ ਬੇਹੱਦ ਖੁਸ਼ਕ ਵਨਸਪਤੀ ਕਾਰਨ ਭੜਕੀ ਅੱਗ ਸੂਬੇ ਦੇ ਇਤਿਹਾਸ 'ਚ ਸਭ ਤੋਂ ਵੱਡੀ ਅੱਗ ਦਾ ਰੂਪ ਲੈਣ ਜਾ ਰਹੀ ਹੈ। 4 ਸਾਲਾਂ ਤੋਂ ਬੇਘਰ ਰਹੀ ਕੇਸੀਆ ਸਟਡਬੇਕਰ ਮੁਸ਼ਕਲ ਭਰੇ ਹਾਲਾਤ ਤੋਂ ਉਭਰੀ ਹੀ ਸੀ ਕਿ ਇਸ ਅੱਗ ਵਿਚ ਮੁੜ ਸਭ ਕੁਝ ਬਰਬਾਦ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸਟਡਬੇਕਰ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਲੋੜੀਂਦੀ ਬਾਰਿਸ਼ ਨਹੀਂ ਹੋਈ ਅਤੇ ਅੱਗ ਲੱਗ ਸਕਦੀ ਹੈ ਪਰ ਅਸੀਂ ਇਸ ਤਰ੍ਹਾਂ ਦੀ ਭਿਆਨਕ ਅੱਗ ਦੀ ਕਲਪਨਾ ਨਹੀਂ ਕੀਤੀ ਸੀ। ਅੱਗ ਨੇ 370 ਘਰਾਂ ਅਤੇ ਢਾਂਚਿਆਂ ਨੂੰ ਆਪਣੀ ਪਕੜ ਵਿਚ ਲੈ ਲਿਆ ਅਤੇ ਉੱਤਰੀ ਸਿਯੇਰਾ ਨੇਵਾਦਾ ਵਿਚ ਲਗਭਗ 14 ਹਜ਼ਾਰ ਇਮਾਰਤਾਂ ’ਤੇ ਇਸ ਦੀ ਲਪੇਟ ਵਿਚ ਆਉਣ ਦਾ ਖਤਰਾ ਮੰਡਰਾ ਰਿਹਾ ਹੈ।
ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ
ਯੂਨਾਨ ’ਚ ਜੰਗਲਾਂ ਵਿਚ ਲੱਗੀ ਅੱਗ ਨੇ ਮਚਾਈ ਭਾਰੀ ਤਬਾਹੀ
ਯੂਨਾਨ ਵਿਚ ਸ਼ਨੀਵਾਰ ਨੂੰ 3 ਵੱਖ-ਵੱਖ ਥਾਵਾਂ ’ਤੇ ਜੰਗਲਾਂ ਵਿਚ ਲੱਗੀ ਅੱਗ ਨੇ ਭਾਰੀ ਤਬਾਹੀ ਮਚਾਈ। ਇਸ ਅੱਗ ਕਾਰਨ ਸ਼ਹਿਰਾਂ ’ਤੇ ਖਤਰਾ ਮੰਡਰਾ ਰਿਹਾ ਹੈ ਅਤੇ ਅੱਗ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਪੂ ਇਵੀਆ ਤਕ ਪਹੁੰਚ ਗਈ ਹੈ, ਜਿਸ ਕਾਰਨ ਟਾਪੂ ਦਾ ਅੱਧਾ ਹਿੱਸਾ ਕੱਟਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ
ਕੋਸਟਗਾਰਡ ਫੋਰਸ ਦੀ ਬੁਲਾਰਨ ਨੇ ਦੱਸਿਆ ਕਿ ਉੱਤਰੀ ਇਵੀਆ ਵਿਚ ਫਾਇਰ ਬ੍ਰਿਗੇਡ ਦੇ ਕਰਮਚਾਰੀ 7 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ ਇਸਤੀਆ ਅਤੇ ਕਈ ਪਿੰਡਾਂ ਨੂੰ ਬਚਾਉਣ ਦੀ ਰਾਤ ਭਰ ਕੋਸ਼ਿਸ਼ ਕਰਦੇ ਰਹੇ। ਸਮੁੰਦਰ ਕੰਢੇ ਵਸੇ ਪਿੰਡਾਂ ਤੇ ਟਾਪੂਆਂ ’ਚੋਂ ਲਗਭਗ 1400 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਯੂਨਾਨ ਦੇ ਦੱਖਣੀ ਪੋਲੋਪੋਨੀਜ਼ ਟਾਪੂ ਸਮੂਹ ਵਿਚ ਪ੍ਰਾਚੀਨ ਉਲੰਪੀਆ ਤੇ ਫੋਕਿਡਾ ਅਤੇ ਏਥਨਜ਼ ਦੇ ਉੱਤਰ ’ਚ ਮੱਧ ਯੂਨਾਨ ਵਿਚ ਵੀ ਵੱਡੇ ਪੱਧਰ ’ਤੇ ਅੱਗ ਲੱਗੀ ਹੈ। ਨਾਗਰਿਕ ਸੁਰੱਖਿਆ ਉੱਪ ਮੰਤਰੀ ਨਿਕੋਸ ਹਾਡਾਲਿਆਸ ਨੇ ਦੱਸਿਆ ਕਿ ਆਸ ਹੈ ਕਿ ਇਸ ਅੱਗ ’ਤੇ ਐਤਵਾਰ ਤਕ ਕਾਬੂ ਪਾ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।