ਵਿਗਿਆਨੀਆਂ ਦਾ ਨਵਾਂ ਦਾਅਵਾ, ਪਤੀ-ਪਤਨੀ ਦੀ ਖੁੱਲ੍ਹ ਕੇ ਲੜਾਈ ਹੋਣਾ ਫਾਇਦੇਮੰਦ
Saturday, Dec 22, 2018 - 11:16 PM (IST)

ਵਾਸ਼ਿੰਗਟਨ-ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਲੜਨ ਨਾਲ ਪਿਆਰ ਵਧਦਾ ਹੈ। ਵਿਗਿਆਨੀਆਂ ਨੇ ਹੁਣ ਇਸ ਤੋਂ ਅੱਗੇ ਵੱਧਦੇ ਹੋਏ ਇਹ ਵੀ ਦਾਅਵਾ ਕੀਤਾ ਹੈ ਕਿ ਆਪਸੀ ਨੋਕ-ਝੋਕ ਨਾਲ ਸਿਰਫ ਪਿਆਰ ਹੀ ਨਹੀਂ, ਸਗੋਂ ਉਮਰ ਵੀ ਵਧਦੀ ਹੈ। ਇਕ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਜੋ ਜੋੜੇ ਵਿਵਾਦ ’ਚ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹਨ, ਉਹ ਘੱਟ ਬੀਮਾਰ ਪੈਂਦੇ ਹਨ ਅਤੇ ਜ਼ਿਆਦਾ ਲੰਬੀ ਜ਼ਿੰਦਗੀ ਜਿਊਂਦੇ ਹਨ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਪਤੀ-ਪਤਨੀ ਵਿਵਾਦ ਨਾਲ ਸਾਧਾਰਨ ਤੌਰ ’ਤੇ ਨਜਿੱਠਣ।
ਉਦਾਹਰਣ ਦੇ ਤੌਰ ’ਤੇ ਜੋ ਲੋਕ ਆਪਣੇ ਗੁੱਸੇ ਨੂੰ ਦਬਾ ਲੈਂਦੇ ਹਨ, ਉਨ੍ਹਾਂ ’ਚ ਜਲਦੀ ਮਰਨ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਐਰੀਜੋਨਾ ਯੂਨੀਵਰਸਿਟੀ ਦੇ ਮਨੋਵਿਗਿਆਨੀ ਵਿਭਾਗ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਜਦੋਂ ਜੋੜੇ ਕਿਸੇ ਵਿਵਾਦ ’ਤੇ ਵੱਖਰੇ-ਵੱਖਰੇ ਤਰੀਕੇ ਨਾਲ ਵਿਵਹਾਰ ਕਰਦੇ ਹਨ ਤਾਂ ਤਣਾਅ ਵਧਦਾ ਹੈ, ਜਿਸ ਨਾਲ ਲੰਬੇ ਸਮੇਂ ਬਾਅਦ ਸਿਹਤ ’ਤੇ ਉਲਟ ਅਸਰ ਪੈਂਦਾ ਹੈ।
32 ਵਰ੍ਹਿਆਂ ਦਾ ਅਧਿਐਨ
ਇਸ ਖੋਜ ਦੌਰਾਨ 192 ਜੋੜਿਆਂ ’ਤੇ 32 ਵਰ੍ਹਿਆਂ ਤੋਂ ਜ਼ਿਆਦਾ ਸਮਾਂ ਅਧਿਐਨ ਕੀਤਾ ਗਿਆ। ਇਸ ਦੌਰਾਨ ਇਹ ਦੇਖਿਆ ਗਿਆ ਕਿ ਕੀ ਗੁੱਸੇ ਨਾਲ ਨਜਿੱਠਣ ਦੇ ਉਨ੍ਹਾਂ ਦੇ ਤਰੀਕੇ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ’ਤੇ ਪੈਂਦਾ ਹੈ? ਉਨ੍ਹਾਂ ਦੇਖਿਆ ਕਿ ਪਤਨੀ-ਪਤਨੀ ਦੇ ਵਿਵਹਾਰ ’ਚ ਜਿੰਨੀ ਜ਼ਿਆਦਾ ਅਸਮਾਨਤਾ ਸੀ, ਓਨਾ ਹੀ ਜ਼ਿਆਦਾ ਉਨ੍ਹਾਂ ’ਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਸੀ।
ਗੁੱਸਾ ਪੀਣਾ ਖਤਰਨਾਕ
ਖੋਜ ਮੁਤਾਬਕ ਜੋ ਜੋੜੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ, ਉਨ੍ਹਾਂ ਵਿਚ ਪਤੀਆਂ ’ਚ 24 ਫੀਸਦੀ ਅਤੇ ਪਤਨੀਆਂ ’ਚ 18 ਫੀਸਦੀ ਜਲਦੀ ਮਰਨ ਦਾ ਖਤਰਾ ਪਾਇਆ ਗਿਆ। ਇਸੇ ਤਰ੍ਹਾਂ ਜੋ ਪਤੀ-ਪਤਨੀ ਆਪਣੇ ਗੁੱਸੇ ਨੂੰ ਪੀ ਜਾਂਦੇ ਹਨ, ਉਨ੍ਹਾਂ ’ਚ ਪਤੀਆਂ ’ਚ 35 ਫੀਸਦੀ ਅਤੇ ਪਤਨੀਆਂ ’ਚ 28 ਫੀਸਦੀ ਮੌਤ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ ਜੇਕਰ ਦੋਵਾਂ ’ਚ ਮਤਭੇਦ ਜ਼ਿਆਦਾ ਹੋਣ ਤਾਂ ਇਹ ਜੋਖਮ ਦੁੱਗਣਾ ਹੋ ਜਾਂਦਾ ਹੈ, ਜੋ ਚਿੰਤਾਜਨਕ ਹੈ। ਜੇਕਰ ਮਰਦ ਗੁੱਸੇ ਨੂੰ ਪ੍ਰਗਟ ਕਰਦਾ ਹੈ ਅਤੇ ਔਰਤ ਚੁੱਪ ਰਹਿੰਦੀ ਹੈ ਤਾਂ ਪਤੀ ’ਚ 51 ਫੀਸਦੀ ਅਤੇ ਪਤਨੀ ’ਚ 36 ਫੀਸਦੀ ਮੌਤ ਦਾ ਖਤਰਾ ਹੁੰਦਾ ਹੈ। ਇਸ ਦੇ ਉਲਟ ਹੋਣ ਦੀ ਸਥਿਤੀ ’ਚ ਮਰਦਾਂ ’ਚ 49 ਅਤੇ ਔਰਤਾਂ ’ਚ 28 ਫੀਸਦੀ ਮੌਤ ਦਾ ਖਤਰਾ ਹੁੰਦਾ ਹੈ।