ਉੱਤਰੀ ਕੈਲੀਫੋਰਨੀਆ ਦੀ ਵਾਇਲਡ-ਫਾਇਰ ਨੇ ਧਾਰਿਆ ਭਿਆਨਕ ਰੂਪ, 2 ਦੀ ਮੌਤ
Friday, Jul 27, 2018 - 09:43 PM (IST)

ਕੈਲੀਫੋਰਨੀਆ— ਉੱਤਰੀ ਕੈਲੀਫੋਰਨੀਆ 'ਚ ਲੱਗੀ ਭਿਆਨਕ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਇਸ ਮਾਮਲੇ 'ਚ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਦੇ ਕੰਮ 'ਚ ਲੱਗੇ ਕੈਲੀਫੋਰਨੀਆ ਦੇ ਇਕ ਹੋਰ ਫਾਇਰ ਬ੍ਰਿਗੇਡ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਹੋਰ ਕਰਮਚਾਰੀਆਂ ਨੂੰ ਅੱਗ ਬੁਝਾਉਂਦੇ ਸਮੇਂ ਬਹੁਤ ਹੀ ਜ਼ਿਆਦਾ ਤਪਸ਼ ਨਾਲ ਜੂਝਣਾ ਪਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਫਾਇਰ ਫਾਈਟਰ ਦੀ ਅੱਗ ਬੁਝਾਉਣ ਦੌਰਾਨ ਮੌਤ ਹੋ ਗਈ ਸੀ।
ਉੱਤਰੀ ਕੈਲੀਫੋਰਨੀਆ 'ਚ ਫੈਲਦੀ ਅੱਗ ਨੂੰ ਦੇਖਦਿਆਂ ਕੁਝ ਪ੍ਰਭਾਵਿਤ ਰਿਹਾਇਸ਼ੀ ਇਲਾਕਿਆਂ 'ਚ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਸ਼ਾਸਤਾ ਕਾਊਂਟੀ ਦੇ ਕਾਲ ਫਾਇਰ ਵਿਭਾਗ ਦੇ ਬੁਲਾਰੇ ਸਕਾਟ ਮੈਕਲੀਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਭਿਆਨਕ ਅੱਗ ਕਾਰਨ 15 ਇਮਾਰਤਾਂ ਬੁਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਹਨ ਤੇ 500 ਤੋਂ ਵੀ ਜ਼ਿਆਦਾ ਇਮਾਰਤਾਂ ਲਈ ਖਤਰਾ ਬਣਿਆ ਹੋਇਆ ਹੈ। ਬੁਲਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਅੱਗ ਬੁਝਾਉਣ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕੁਝ ਆਮ ਨਾਗਰਿਕ ਵੀ ਅੱਗ ਬੁਝਾਉਣ ਦੀਆਂ ਘਟਨਾਵਾਂ ਦੌਰਾਨ ਜ਼ਖਮੀ ਹੋਏ ਹਨ।
ਕਾਲ ਫਾਇਰ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਿਹਾ ਕਿ ਅੱਗ ਦੀਆਂ ਲਪਟਾਂ ਬੀਤੇ 12 ਘੰਟਿਆਂ 'ਚ ਦੁਗਣੀਆਂ ਹੋ ਗਈਆਂ ਹਨ ਤੇ ਇਨ੍ਹਾਂ ਨੇ 44,450 ਏਕੜ ਦੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।