ਪਾਕਿ ''ਚ ਟਮਾਟਰਾਂ ਨੂੰ ਲੈ ਕੇ ਕਿਸਾਨਾਂ ਦਾ ਇਮਰਾਨ ਸਰਕਾਰ ਖਿਲਾਫ਼ ਪ੍ਰਦਰਸ਼ਨ
Tuesday, Jan 26, 2021 - 03:59 PM (IST)
ਇਸਲਾਮਾਬਾਦ- ਪਾਕਿਸਤਾਨ ਵਿਚ ਟਮਾਟਰਾਂ ਦੀ ਦਰਾਮਾਦ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ ਅਤੇ ਐਤਵਾਰ ਨੂੰ ਕਿਸਾਨ ਇਮਰਾਨ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰ ਆਏ। ਕਿਸਾਨਾਂ ਦਾ ਵਿਰੋਧ-ਪ੍ਰਦਰਸ਼ਨ ਸਿੰਧ ਦੇ ਹੈਦਰਾਬਾਦ ਸ਼ਹਿਰ ਵਿਚ ਹੋਇਆ।
ਕਿਸਾਨਾਂ ਦਾ ਕਹਿਣਾ ਹੈ ਕਿ ਬਾਹਰੋਂ ਟਮਾਟਰਾਂ ਦੀ ਦਰਾਮਦ ਹੋਣ ਕਾਰਨ ਉਨ੍ਹਾਂ ਵੱਲੋਂ ਉਗਾਏ ਟਮਾਟਰਾਂ ਦੀਆਂ ਕੀਮਤਾਂ ਘੱਟ ਰਹੀਆਂ ਹਨ। ਦਰਾਮਦ ਹੋ ਰਹੇ ਟਮਾਟਰਾਂ ਦੀ ਕੀਮਤ ਹੈਦਰਾਬਾਦੀ ਟਮਾਟਰਾਂ ਨਾਲੋਂ ਬਹੁਤ ਘੱਟ ਹੈ।
ਸਿੰਧ ਅਬਦਗਰ ਬੋਰਡ (ਐੱਸ. ਏ. ਬੀ.) ਦੀ ਮੰਨੀਏ ਤਾਂ ਤਕਰੀਬਨ ਡੇਢ ਮਹੀਨਾ ਪਹਿਲਾਂ ਇਮਰਾਨ ਸਰਕਾਰ ਨੂੰ ਸੂਚਤ ਕੀਤਾ ਗਿਆ ਸੀ ਪਰ ਟਮਾਟਰਾਂ ਦੀ ਦਰਾਮਦ ‘ਤੇ ਰੋਕ ਨਹੀਂ ਲਾਈ ਗਈ। ਪਕਿਸਤਾਨ ਵਿਚ ਦਰਾਮਦ ਕੀਤੇ ਟਮਾਟਰਾਂ ਦਾ ਹੜ੍ਹ ਆਉਣ ਨਾਲ ਸਥਾਨਕ ਕਿਸਾਨਾਂ ਦੀ ਫ਼ਸਲ ਦੇ ਮੁੱਲ ਘੱਟ ਗਏ ਹਨ, ਜਿਸ ਵਿਚ ਵਜ੍ਹਾ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਐੱਸ. ਏ. ਬੀ. ਦਾ ਕਹਿਣਾ ਹੈ ਕਿ ਕਿਸਾਨਾਂ ਕੋਲੋਂ ਪਾਕਿਸਤਾਨੀ ਟਮਾਟਰਾਂ ਦੀ ਖ਼ਰੀਦ 11 ਤੋਂ 15 ਰੁਪਏ ਕਿਲੋ ਹੋ ਰਹੀ ਹੈ ਪਰ ਜਲਦ ਹੀ ਇਨ੍ਹਾਂ ਦੇ ਮੁੱਲ ਹੋਰ ਡਿੱਗਣ ਦੀ ਸੰਭਾਵਨਾ ਹੈ ਅਤੇ ਹੋ ਸਕਦਾ ਹੈ ਕਿ ਇਹ 5 ਰੁਪਏ ਕਿਲੋ ਤੱਕ ਆ ਜਾਣ। ਕਿਹਾ ਜਾਂਦਾ ਹੈ ਕਿ ਸਿੰਧ ਪਾਕਿਸਤਾਨ ਦੇ ਸਾਰੇ ਪ੍ਰਾਂਤਾਂ ਵਿਚੋਂ ਸਭ ਤੋਂ ਜ਼ਿਆਦਾ ਟਮਾਟਰ ਅਤੇ ਪਿਆਜ਼ ਦਾ ਉਤਪਾਦਨ ਕਰਦਾ ਹੈ। ਇਸ ਸਾਲ ਵੀ ਇਨ੍ਹਾਂ ਦੋਹਾਂ ਦਾ ਬੰਪਰ ਉਤਪਾਦਨ ਹੋਇਆ ਹੈ।