ਹੱਕਾਂ ਲਈ ਲੜ ਰਹੇ ਦਲੇਰ ਕਿਸਾਨਾਂ ਦੇ ਨਾਲ ਖੜ੍ਹੀ ਹੈ 'ਯੂਨਾਈਟਿਡ ਸਿੱਖਜ਼' ਸਮਾਜ ਸੇਵੀ ਸੰਸਥਾ

12/08/2020 5:00:24 PM

ਨਿਊਯਾਰਕ (ਬਿਊਰੋ) :ਤੁਹਾਡੇ ਵਿੱਚੋਂ ਬਹੁਤਿਆਂ ਨੇ ਹੁਣ ਤੱਕ ਭਾਰਤ ਦੇ ਉੱਤਰ ਪੱਛਮੀ ਰਾਜਾਂ ਖਾਸ ਕਰਕੇ ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ਬਰਾਂ ਵੇਖੀਆਂ ਹੋਣਗੀਆਂ ਜੋ ਦੇਸ਼ ਦੇ ਅੰਨਦਾਤਾ ਵਜੋਂ ਜਾਣੇ ਜਾਂਦੇ ਹਨ। ਕਿਸਾਨਾਂ ਦਾ ਜ਼ਮੀਨ ਅਤੇ ਕਿਸਾਨੀ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਕਿਸਾਨ ਆਪਣੇ ਹੱਕ ਲੈਣ ਲਈ ਸ਼ਾਂਤਮਈ ਸੰਘਰਸ਼ ਕਰਦੇ ਹੋਏ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾ ਕੇ ਬੈਠੇ ਹਨ। ਕੇਂਦਰ ਸਰਕਾਰ ਦੁਆਰਾ ਬਣਾਏ ਗਏ ਤਿੰਨ ਤਾਜ਼ਾ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਨੁਕਸਾਨ ਤੋਂ ਬਚਣ ਲਈ ਕਿਸਾਨ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਪ੍ਰਣਾਲੀ ਨੂੰ ਖਤਮ ਕਰਨ ਨਾਲ ਵੱਡੇ ਕਾਰਪੋਰੇਟ ਘਰਾਣੇ ਆਪਣੀਆਂ ਸ਼ਰਤਾਂ 'ਤੇ ਫਸਲ ਖਰੀਦਣਗੇ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਘੱਟ ਮੁੱਲ ਪ੍ਰਾਪਤ ਹੋਵੇਗਾ। 

ਮੰਡੀ ਪ੍ਰਣਾਲੀ ਦੇ ਭੰਗ ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਨਿਸ਼ਚਿਤ ਮੁੱਲ ਨਹੀਂ ਮਿਲੇਗਾ। ਇਹ ਕਾਨੂੰਨ ਉਹਨਾਂ ਆੜ੍ਹਤੀਆਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ ਜੋ ਕਿਸਾਨ ਦੇ ਜੀਵਨ ਦਾ ਅਹਿਮ ਅੰਗ ਹਨ। ਆੜ੍ਹਤੀ ਕਿਸਾਨ ਦੀਆਂ ਸਾਰੀਆਂ ਹੀ ਵਿੱਤੀ ਲੋੜਾਂ ਪੂਰੀਆਂ ਕਰਦਾ ਹੈ। ਇਹ ਵਿਰੋਧ ਪ੍ਰਦਰਸ਼ਨ ਅਜੇ ਵੀ ਸਾਂਤਮਈ ਚੱਲ ਰਹੇ ਹਨ ਪਰ ਕਈ ਵਾਰ ਪੁਲਿਸ ਬਲਾਂ ਨੇ ਉਹਨਾਂ ਦੇ ਬੁਨਿਆਦੀ ਲੋਕਤੰਤਰੀ ਅਧਿਕਾਰਾਂ ਦੇ ਵਿਰੁੱਧ ਹਿੰਸਾ ਦੀ ਵਰਤੋਂ ਕੀਤੀ ਹੈ। ਪੁਲਸ ਦੀ ਹਿੰਸਾ ਕਾਰਨ ਸੈਂਕੜੇ ਕਿਸਾਨ ਜ਼ਖਮੀ ਵੀ ਹੋਏ ਹਨ ਪਰ ਫਿਰ ਵੀ ਉਹ ਸ਼ਾਂਤਮਈ ਰਹਿ ਕੇ ਉਹਨਾਂ ਹੀ ਪੁਲਿਸ ਵਾਲਿਆਂ ਨੂੰ ਵੀ ਲੰਗਰ ਛਕਾ ਰਹੇ ਹਨ ਜੋ ਉਹਨਾਂ ਉੱਪਰ ਜ਼ੁਲਮ ਕਰਦੇ ਹਨ।

PunjabKesari

ਯੂਨਾਈਟਿਡ ਸਿੱਖਜ਼ ਦੇ ਕਾਰਜਕਾਰੀ ਡਾਇਰੈਕਟਰ ਸ. ਜਗਦੀਪ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਦੇ ਕਾਰਨ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਅਣਸੁਖਾਵਾਂ ਡਰ ਸਾਹਮਣੇ ਖੜ੍ਹਾ ਹੈ। ਉਹਨਾਂ ਦੀਆਂ ਚਿੰਤਾਵਾਂ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਦੇਖਭਾਲ ਦੀ ਇਹ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ। ਐਮਰਜੈਂਸੀ ਦੇ ਇਸ ਸਮੇਂ ਵਿਚ ਯੂਨਾਈਟਿਡ ਸਿੱਖਸ ਦੀਆਂ ਟੀਮਾਂ ਇਹਨਾਂ ਦਲੇਰ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀਆਂ ਹਨ। ਯੂਨਾਈਟਿਡ ਸਿੱਖਸ ਚੌਵੀ ਘੰਟੇ ਐਮਰਜੈਂਸੀ ਅਤੇ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਅਸੀਂ ਇਸ ਚੁਣੌਤੀ ਭਰਪੂਰ ਸਮੇਂ ਦੌਰਾਨ ਲੰਗਰ (ਭੋਜਨ, ਪਾਣੀ), ਮੈਡੀਕਲ ਸੇਵਾਵਾਂ (ਅਰਜੈਂਟ ਕੇਅਰ, ਐਂਬੂਲਟਰੀ ਸਹਾਇਤਾ, ਦਵਾਈਆਂ) ਅਤੇ ਪੀ.ਪੀ.ਈ. ਜਰੂਰਤ ਦਾ ਸਮਾਨ (ਮਾਸਕ, ਸੈਨੀਟਾਈਜਰ) ਪ੍ਰਦਾਨ ਕਰ ਰਹੇ ਹਾਂ। ਇਸ ਮਾਰਚ ਦੌਰਾਨ ਪੇਸ਼ੇਵਰਾਂ ਅਤੇ ਡਾਕਟਰਾਂ ਦੀਆਂ ਵਾਲੰਟੀਅਰ ਟੀਮਾਂ ਪੰਜਾਬ ਅਤੇ ਦਿੱਲੀ ਤੋਂ ਉਪਲਬਧ ਹਨ। ਸਾਡੀਆਂ ਕਾਨੂੰਨੀ ਟੀਮਾਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਅਨੁਮਾਨਿਤ ਜ਼ਰੂਰਤ ਦੇ ਨਾਲ ਸੇਵਾ ਕਰਨ ਲਈ ਵੀ ਤਿਆਰ ਹਨ।  

PunjabKesari

ਯੂਨਾਈਟਿਡ ਸਿੱਖਜ਼ ਦੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਐਂਬੂਲੈਂਸਾਂ ਅਤੇ ਮੈਡੀਕਲ ਕੈਂਪ ਰੋਜ਼ਾਨਾ 1,000 ਤੋਂ ਵੱਧ ਕਿਸਾਨਾਂ ਦੀ ਸੇਵਾ ਕਰਦੇ ਹਨ। ਕਈ ਟੈਂਕਰ ਰੋਜ਼ਾਨਾ 10,000 ਤੋਂ ਵੱਧ ਕਿਸਾਨਾਂ ਨੂੰ 100,000 ਲੀਟਰ ਤਾਜ਼ਾ ਪਾਣੀ ਪ੍ਰਦਾਨ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਪੰਜਾਬ ਦੇ ਨਾਲ-ਨਾਲ ਦਿੱਲੀ ਆਏ। ਜਦੋਂ ਕਿਸਾਨਾਂ ਦਾ ਪਹਿਲਾ ਜੱਥਾ ਦਿੱਲੀ ਪਹੁੰਚਿਆ ਤਾਂ ਅਸੀਂ ਬੁਰਾੜੀ ਕੈਂਪ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਸੀ। ਅਸੀਂ ਪੰਜਾਬ ਵਿਚ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਸੇਵਾ ਕਾਰਜ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਅਸੀਂ ਗੱਦੇ, ਕੰਬਲ, ਲੰਗਰ ਪ੍ਰਦਾਨ ਕਰ ਰਹੇ ਹਾਂ। ਠੰਡ ਦਾ ਮੁਕਾਬਲਾ ਕਰਨ ਲਈ ਅਸੀਂ ਮਰਦ ਅਤੇ ਬੀਬੀਆਂ ਦੋਵਾਂ ਲਈ ਥਰਮਲ ਸ਼ਾਮਲ ਕੀਤੇ ਹਨ। ਇਹਨਾਂ ਵਿਚ ਦਵਾਈ, ਮੈਡੀਕਲ ਅਤੇ ਐਂਬੂਲੇਟਰੀ ਦੇਖਭਾਲ ਤੋਂ ਇਲਾਵਾ ਟੈਂਕਰਾਂ ਰਾਹੀਂ ਤਾਜ਼ਾ ਪਾਣੀ ਦੇਣਾ ਸ਼ਾਮਿਲ ਹੈ।  

ਪੜ੍ਹੋ ਇਹ ਅਹਿਮ ਖਬਰ- 800 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸੰਯੁਕਤ ਰਾਸ਼ਟਰ ਨੇ ਕੀਤਾ ਸਨਮਾਨਿਤ

ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸੁਨਾਮ ਤੋਂ ਜਸਪ੍ਰੀਤ ਅਤੇ ਗੁਰਪ੍ਰੀਤ ਸਿੰਘ, ਦਿੱਲੀ ਜਾ ਰਹੇ ਹਾਦਸਾਗ੍ਰਸਤ ਹੋ ਗਏ। ਸਾਡੀ ਟੀਮ ਉਹਨਾਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਗਈ। ਉਹਨਾਂ ਨੂੰ ਐਮਰਜੈਂਸੀ ਇਲਾਜ ਦਿੱਤਾ ਗਿਆ ਸੀ ਅਤੇ ਉਹ ਖਤਰੇ ਤੋਂ ਬਾਹਰ ਹਨ ਪਰ ਅਜੇ ਵੀ ਇਲਾਜ ਅਧੀਨ ਹਨ। ਤੁਹਾਡਾ ਸਮਰਥਨ ਇਸ ਸੰਘਰਸ਼ ਦੀ ਸਫਲਤਾ ਵਿਚ ਯੋਗਦਾਨ ਹੋਵੇਗਾ। ਨਿਰਭਉ ਬਣੋ, ਨਿਡਰ ਬਣੋ ਅਤੇ ਸਾਡੀ ਮੁਹਿੰਮ ਦਾ ਸਮਰਥਨ ਕਰੋ ਜਿਵੇਂ ਕਿ ਅਸੀਂ ਹਜ਼ਾਰਾਂ ਕਿਸਾਨਾਂ ਦੇ ਨਿਰਭੈ ਕਾਰਜਾਂ ਵਿੱਚ ਸਹਾਇਤਾ ਕਰਦੇ ਹਾਂ ਅਤੇ ਸੇਵਾ ਦੀ ਪ੍ਰੇਰਨਾ ਲੈਂਦੇ ਹਾਂ।      
 


Vandana

Content Editor

Related News