ਰੋਮ ਅੰਬੈਸੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਨੂੰ ਭਾਰਤੀ ਭਾਈਚਾਰੇ ਨੇ ਦਿੱਤੀ ਵਿਦਾਇਗੀ ਪਾਰਟੀ

07/08/2020 1:25:57 PM

ਰੋਮ, (ਕੈਂਥ)-ਇਟਲੀ ਵਿਚ ਪਿਛਲੇ ਕਈ ਸਾਲਾਂ ਤੋਂ ਮਜਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਇਟਲੀ ਦੇ ਸੂਬੇ ਲਾਸੀਓ ਦੀ ਸਿਰਮੋਰ ਮਜ਼ਦੂਰ ਜਥੇਬੰਦੀ 'ਇੰਡੀਅਨ ਕਮਿਊਨਟੀ ਇਨ ਲਾਸੀਓ' ਵਲੋਂ ਭਾਰਤੀ ਅੰਬੈਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਰੀਨਤ ਸੰਧੂ ਜੀ ਦੀ ਬਦਲੀ ਹੋਣ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੁੱਖ ਸਿੰਘ ਹਜ਼ਾਰਾਂ ਪ੍ਰਧਾਨ ਇੰਡੀਅਨ ਕਮਿਊਨਿਟੀ ਇੰਨ ਲਾਸੀਓ ਨੇ ਕਿਹਾ ਕਿ ਰੋਮ ਅੰਬੈਸੀ ਦੇ ਰਾਜਦੂਤ ਮੈਡਮ ਰੀਨਤ ਸੰਧੂ ਅਤੇ ਉਨ੍ਹਾਂ ਦੇ ਸਟਾਫ ਨੇ ਹਰ ਸੰਭਵ ਕੋਸ਼ਿਸ਼ ਕਰ ਕੇ ਇਟਲੀ ਦੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ।

PunjabKesari

ਇਸ ਤੋਂ ਇਲਾਵਾ ਵੰਦੇ ਭਾਰਤ ਮਿਸ਼ਨ ਤਹਿਤ ਹੁਣ ਤੱਕ ਬਹੁਤ ਸਾਰੇ ਭਾਰਤੀਆਂ ਨੂੰ ਇਟਲੀ ਤੋਂ ਭਾਰਤ ਅਤੇ ਭਾਰਤ ਤੋਂ ਇਟਲੀ ਲਿਆਂਦਾ ਗਿਆ ਹੈ, ਜਿਸ ਵਿਚ ਅੰਬੈਸੀ ਨੇ ਵਿਸ਼ੇਸ਼ ਤੌਰ 'ਤੇ ਜਿਹੜੀ ਭੂਮਿਕਾ ਸਮਾਜ ਅਤੇ ਭਾਈਚਾਰੇ ਪ੍ਰਤੀ ਨਿਭਾਈ ਗਈ, ਜਿਸ ਲਈ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਜਦੋਂ ਵੀ ਕੋਈ ਉਡਾਣ ਇਸ ਮਿਸ਼ਨ ਤਹਿਤ ਇਟਲੀ ਆਈ ਹੈ ਜਾਂ ਭਾਰਤ ਗਈ ਹੈ ਤਾਂ ਮੈਡਮ ਜੀ ਨੇ ਆਪਣੀ ਨਿਗਰਾਨੀ ਹੇਠ ਸਾਰੇ ਯਾਤਰੀਆਂ ਨੂੰ ਸਹੀ ਸਲਾਮਤ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ। 

ਇਟਲੀ ਵਿਚ ਜਿਸ ਦਿਨ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਕਰਨ ਲਈ ਇੰਮੀਗ੍ਰੇਸ਼ਨ ਖੁੱਲ੍ਹੀ ਹੈ ਉਸ ਦਿਨ ਤੋਂ ਹੀ ਇਟਲੀ ਵਿਚ ਭਾਰਤੀਆਂ ਨੂੰ ਪਾਸਪੋਰਟ ਸੰਬੰਧੀ ਆ ਰਹੀਆਂ ਮੁਸਕਲਾਂ ਨੂੰ ਦੇਖਦਿਆਂ ਭਾਰਤੀ ਅੰਬੈਸੀ ਨੇ ਇਟਲੀ ਦੀਆਂ ਧਾਰਮਿਕ , ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਜਾ ਕੇ ਪਾਸਪੋਰਟ ਸੰਬੰਧੀ ਅਰਜ਼ੀਆਂ ਲੈ ਕੇ ਅਤੇ ਅਥਾਰਟੀ ਪੱਤਰ ਜਾਰੀ ਕੀਤੇ ਗਏ ਅਤੇ ਭਾਰਤੀ ਅੰਬੈਸੀ ਰੋਮ ਵਲੋਂ ਵਗੈਰ ਪਾਸਪੋਰਟਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਤਿਆਰ ਕਰਕੇ ਵਿਸ਼ੇਸ਼ ਕੈਂਪ ਲਗਾ ਕੇ ਪਾਸਪੋਰਟ ਵੰਡਣ ਦੀ ਪ੍ਰਕਿਰਿਆ ਦਾ ਕੰਮ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਸੀ। ਇਸ ਲਈ ਮੈਡਮ ਰੀਨਤ ਸੰਧੂ ਜੀ ਵਿਦਾਇਗੀ ਪਾਰਟੀ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਤੇਰਾਚੀਨਾ ਦੇ ਮੇਅਰ ਵੱਲੋਂ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ,ਡੀ. ਸੀ. ਐੱਮ. ਮੈਡਮ ਨਿਹਾਰੀਕਾ ਸਿੰਘ ,ਡਾ. ਰਜਿੰਦਰ ਕੁਮਾਰ ਖੇਤੀ-ਬਾੜੀ ਮੰਤਰੀ ਤੋਂ ਇਲਾਵਾ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੀ ਕਮੇਟੀ ਨੂੰ ਦੁਪਿਹਰ ਦੇ ਖਾਣੇ 'ਤੇ ਬੁਲਾਇਆ ਗਿਆ। 

ਵਿਦਾਇਗੀ ਪਾਰਟੀ ਮੌਕੇ ਮੈਡਮ ਸੰਧੂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਵਿਖੇ ਨਤਮਸਤਕ ਵੀ ਹੋਏ ਅਤੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਟਲੀ ਵਿਚ ਬਹੁਤ ਮਾਣ ਸਤਿਕਾਰ ਮਿਲਿਆ ।ਇਟਲੀ ਦੇ ਭਾਰਤੀ ਲੋਕ ਬਹੁਤ ਹੀ ਸੇਵਾ ਭਾਵਨਾ ਨੂੰ ਸਮਰਪਿਤ ਹਨ।ਉਮੀਦ ਹੈ ਕਿ ਇਹ ਲੋਕ ਇੰਝ ਹੀ ਸਦਾ ਮਨੁੱਖਤਾ ਦੇ ਭਲੇ ਹਿੱਤ ਕਾਰਜ ਕਰਦੇ ਰਹਿਣਗੇ।


Lalita Mam

Content Editor

Related News