ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਅਖਾੜਾ ਭਲਕੇ

Saturday, Aug 13, 2022 - 01:27 PM (IST)

ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਅਖਾੜਾ ਭਲਕੇ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਕੁਇੰਟ ਅਸੈਂਸ਼ੀਅਲ ਟੈਕਸੇਸ਼ਨ, ਵੈਸਟਨ ਟੈਕਸੀ ਕਲੱਬ ਅਤੇ ਸਨ ਲੌਜਿਸਟਿਕਸ ਦੇ ਸਾਂਝੇ ਸਹਿਯੋਗ ਨਾਲ  ਐਤਵਾਰ ਨੂੰ ਮੈਲਬੌਰਨ ਦੇ ਸਪਰਿੰਗਵੇਲ ਟਾਊਨ ਹਾਲ ਵਿੱਚ ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ  ਦਾ ਖੁੱਲ੍ਹਾ ਅਖਾੜਾ ਲਗਵਾਇਆ ਜਾ ਰਿਹਾ ਹੈ। ਇਸ ਸਬੰਧੀ ਮੈਲਬੌਰਨ ਵਿੱਚ ਸਥਿਤ ਹੈਰੀਟੇਜ ਰੈਸਤਰਾਂ ਐਪਿੰਗ ਵਿਖੇ ਪ੍ਰੈੱਸ ਅਤੇ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਨੇ ਦੱਸਿਆ  ਕਿ ਪ੍ਰਵਾਸੀ ਪੰਜਾਬੀਆਂ ਦੀ ਮੰਗ 'ਤੇ ਉਹ ਆਸਟ੍ਰੇਲੀਆ ਵਿਚ ਸ਼ੋਅ ਲਾਉਣ ਆਏ ਹਨ।

ਇਸ ਦੌਰਾਨ ਉਨ੍ਹਾਂ ਨੇ ਆਪਣੇ ਗੀਤਾਂ ਦੇ ਕੁਝ ਮੁੱਖੜੇ ਵੀ ਸੁਣਾਏ ਅਤੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਨਾਲ ਕੀਤੇ ਕੰਮਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਗੀਤਕਾਰ ਬੱਬੂ ਬਰਾੜ ਅਤੇ ਹਰਸ਼ ਪੰਧੇਰ ਵੀ ਮੌਜੂਦ ਸਨ। ਮੇਲਾ ਪ੍ਰਬੰਧਕ ਜਤਿੰਦਰ ਸਿੰਘ, ਰਸ਼ਪਿੰਦਰ ਰਿੱਕੀ ਅਤੇ ਦੀਪ ਜਵੰਦਾ ਨੇ ਕਿਹਾ ਕਿ ਭਲਕੇ ਹੋਣ ਜਾ ਰਹੇ ਖੁੱਲ੍ਹੇ ਅਖਾੜੇ ਦੌਰਾਨ ਗਾਇਕ ਜੋੜੀ ਨੂੰ ਸੁਣਨ ਲਈ ਪੰਜਾਬੀ ਦਰਸ਼ਕਾਂ ਵਿੱਚ ਬੇਹੱਦ ਉਤਸ਼ਾਹ ਹੈ ਅਤੇ ਮੇਲੇ ਨਾਲ ਜੁੜੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਗੀਤਕਾਰ ਬੱਬੂ ਬਰਾੜ ਅਤੇ ਗਾਇਕ ਹਰਸ਼ ਪੰਧੇਰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਦੀਪਕ ਬਾਵਾ ਨਿਭਾਉਣਗੇ। ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਵੱਧ ਤੋਂ ਵੱਧ ਇਸ ਮੇਲੇ ਵਿਚ ਪਹੁੰਚ ਕੇ ਰੌਣਕ ਵਧਾਉਣ।


author

cherry

Content Editor

Related News