ਪਾਕਿ ’ਚ ਮੌਬ ਲਿੰਚਿੰਗ ਦਾ ਸ਼ਿਕਾਰ ਬਣੇ ਸ਼੍ਰੀਲੰਕਾਈ ਨਾਗਰਿਕ ਦਾ ਪਰਿਵਾਰ ਅਵਸ਼ੇਸ਼ਾਂ ਦੀ ਕਰ ਰਿਹੈ ਉਡੀਕ

12/06/2021 3:59:15 PM

ਕੋਲੰਬੋ (ਭਾਸ਼ਾ)-ਈਸ਼ਨਿੰਦਾ ਦੇ ਦੋਸ਼ ’ਚ ਪਾਕਿਸਤਾਨ ਵਿਚ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦਾ ਪਰਿਵਾਰ ਸੋਮਵਾਰ ਇਥੇ ਉਨ੍ਹਾਂ ਦੇ ਅਵਸ਼ੇਸ਼ਾਂ ਨੂੰ ਲਿਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਇਕ ਬੇਰਹਿਮ ਘਟਨਾ ’ਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ.ਪੀ.) ਦੇ ਗੁੱਸੇ ’ਚ ਆਏ ਸਮਰਥਕਾਂ ਨੇ ਇਕ ਕੱਪੜਾ ਫੈਕਟਰੀ ’ਤੇ ਹਮਲਾ ਕੀਤਾ ਅਤੇ ਈਸ਼ਨਿੰਦਾ ਦੇ ਦੋਸ਼ਾਂ ’ਚ ਉਸ ਦੇ ਜਨਰਲ ਮੈਨੇਜਰ ਦਿਆਵਦਾਨਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਲਾਸ਼ ਨੂੰ ਅੱਗ ਲਗਾ ਦਿੱਤੀ ਸੀ। ਦਿਆਵਦਾਨਾ ਦੀ ਪਤਨੀ ਨਿਲੂਸ਼ੀ ਦਿਸ਼ਾਨਾਇਕੇ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਅਵਸ਼ੇਸਾਂ ਦੀ ਉਡੀਕ ਕਰ ਰਹੀ ਹਾਂ।’’ ਵਿਦੇਸ਼ ਮੰਤਰਾਲੇ ਨੇ ਐਤਵਾਰ ਐਲਾਨ ਕੀਤਾ ਕਿ ਰਾਸ਼ਟਰੀ ਹਵਾਬਾਜ਼ੀ ਕੰਪਨੀ ਸ਼੍ਰੀਲੰਕਨ ਏਅਰਲਾਈਨਜ਼ ਸੋਮਵਾਰ ਨੂੰ ਸੂਬੇ ਦੇ ਖਰਚੇ ’ਤੇ ਦਿਆਵਦਾਨਾ ਦੇ ਅਵਸ਼ੇਸ਼ਾਂ ਨੂੰ ਇਥੇ ਲਿਆਏਗੀ।

ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਲਿੰਚਿੰਗ ਦੀ ਇਸ ਭਿਆਨਕ ਘਟਨਾ ’ਚ ਦਿਆਵਦਾਨਾ ਦੀਆਂ ਲੱਗਭਗ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ ਅਤੇ ਉਸ ਦਾ ਸਰੀਰ 99 ਫੀਸਦੀ ਤੱਕ ਸੜ ਗਿਆ ਸੀ। ਨਿਲੂਸ਼ੀ ਨੇ ਦੱਸਿਆ ਕਿ ਦਿਆਵਦਾਨਾ ਫੈਸਲਾਬਾਦ ਦੀ ਇਕ ਕੱਪੜਾ ਫੈਕਟਰੀ ’ਚ ਮਕੈਨੀਕਲ ਇੰਜੀਨੀਅਰ ਦੀ ਨੌਕਰੀ ਮਿਲਣ ਤੋਂ ਬਾਅਦ 2011 ’ਚ ਪਾਕਿਸਤਾਨ ਚਲੇ ਗਏ ਸਨ। ਇਕ ਸਾਲ ਬਾਅਦ ਉਹ ਸਿਆਲਕੋਟ ਦੀ ਰਾਜਕੋ ਇੰਡਸਟਰੀਜ਼ ’ਚ ਜਨਰਲ ਮੈਨੇਜਰ ਵਜੋਂ ਸ਼ਾਮਲ ਹੋ ਗਏ ਅਤੇ ਫੈਕਟਰੀ ’ਚ ਕੰਮ ਕਰਨ ਵਾਲੇ ਇਕਲੌਤੇ ਸ਼੍ਰੀਲੰਕਾਈ ਨਾਗਰਿਕ ਸਨ। ਜੋੜੇ ਦੇ 14 ਅਤੇ 9 ਸਾਲ ਦੇ ਦੋ ਬੇਟੇ ਹਨ ਅਤੇ ਉਨ੍ਹਾਂ ਨੇ 2019 ਤੋਂ ਆਪਣੇ ਪਿਤਾ ਨੂੰ ਨਹੀਂ ਦੇਖਿਆ ਸੀ ਕਿਉਂਕਿ ਉਹ ਕੋਵਿਡ ਮਹਾਮਾਰੀ ਕਾਰਨ ਆਪਣੇ ਦੇਸ਼ ਦੀ ਯਾਤਰਾ ਕਰਨ ’ਚ ਅਸਮਰੱਥ ਸਨ।


Manoj

Content Editor

Related News