ਡਾਰਟਸ ਮੁਕਾਬਲਿਆਂ ਨੂੰ ਖੇਡ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹੈ ਬੀ.ਸੀ. ਤੇ ਨਿਊ ਫਾਊਂਡਲੈਂਡ ਦਾ ਇੱਕ ਪਰਿਵਾਰ
Friday, Jan 02, 2026 - 11:37 PM (IST)
ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਨਿਊ ਫਾਊਂਡਲੈਂਡ ਵਿੱਚ ਵੱਸਦਾ ਇੱਕ ਪਰਿਵਾਰ ਡਾਰਟਸ ਖੇਡ ਨੂੰ ਸਿਰਫ਼ ਮਨੋਰੰਜਨ ਦੀ ਹੱਦ ਤੋਂ ਬਾਹਰ ਕੱਢ ਕੇ ਮੁਕਾਬਲਾਤੀ ਮੰਚ ਤੱਕ ਲੈ ਜਾਣ ਯਤਨਸ਼ੀਲ ਹੈ। ਇਸ ਪਰਿਵਾਰ ਦੇ ਕਈ ਮੈਂਬਰ ਸਥਾਨਕ ਅਤੇ ਕੋਮਾਂਤਰੀ ਪੱਧਰ ’ਤੇ ਚੈਂਪੀਅਨਸ਼ਿਪਾਂ ਜਿੱਤ ਚੁੱਕੇ ਹਨ।
ਪਰਿਵਾਰ ਦੀ ਨੌਜਵਾਨ ਖਿਡਾਰਨ 16 ਸਾਲਾ ਜੇਡਾ ਹੈਮੰਡ ਦਾ ਕਹਿਣਾ ਹੈ ਕਿ ਡਾਰਟਸ ਨੂੰ ਆਮ ਤੌਰ ’ਤੇ ਪੱਬਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਪੂਰੀ ਤਰ੍ਹਾਂ ਤਕਨੀਕ, ਧਿਆਨ ਅਤੇ ਕਠਿਨ ਮਿਹਨਤ ਵਾਲੀ ਖੇਡ ਹੈ ਅਤੇ ਨੌਜਵਾਨਾਂ ਵਿੱਚ ਇਸ ਖੇਡ ਪ੍ਰਤੀ ਰੁਚੀ ਵਧ ਰਹੀ ਹੈ।
ਪਰਿਵਾਰ ਦੇ ਮੁੱਖ ਮੈਂਬਰ ਬਿੱਲ ਹੈਮੰਡ ਜੂਨੀਅਰ ਨੇ ਕਿਹਾ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੂਰਾ ਪਰਿਵਾਰ ਡਾਰਟਸ ਨੂੰ ਮੁਕਾਬਲਾਤੀ ਢੰਗ ਨਾਲ ਖੇਡੇਗਾ ਅਤੇ ਨੌਜਵਾਨ ਉਮਰ ਵਿੱਚ ਹੀ ਵਿਸ਼ਵ ਪੱਧਰੀ ਖਿਤਾਬ ਜਿੱਤਿਆ ਜਾਵੇਗਾ। ਉਸਦੇ ਮੁਤਾਬਕ ਪਰਿਵਾਰਕ ਸਹਿਯੋਗ ਅਤੇ ਲਗਾਤਾਰ ਅਭਿਆਸ ਨੇ ਇਹ ਸੁਪਨਾ ਸਾਕਾਰ ਕੀਤਾ ਹੈ।
ਡਾਰਟਸ ਦੇ ਇਸ ਚੈਂਪੀਅਨ ਪਰਿਵਾਰ ਦੀ ਕੋਸ਼ਿਸ਼ ਹੈ ਕਿ ਕੈਨੇਡਾ ਭਰ ਵਿੱਚ ਇਸ ਖੇਡ ਲਈ ਨਵੇਂ ਕਲੱਬ, ਟੂਰਨਾਮੈਂਟ ਅਤੇ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਜਾਣ, ਤਾਂ ਜੋ ਹੋਰ ਨੌਜਵਾਨ ਵੀ ਇਸ ਖੇਡ ਰਾਹੀਂ ਆਪਣੀ ਕਾਬਲੀਅਤ ਸਥਾਪਿਤ ਕਰਕੇ ਤਰੱਕੀ ਕਰ ਸਕਣ।
