ਪਾਕਿਸਤਾਨ ''ਚ ਫਰਜ਼ੀ ਭਾਰਤੀ ਤੇ ਅਫਗਾਨ ਸਟਾਂਪ ਦਸਤਾਵੇਜ਼ ਜ਼ਬਤ
Thursday, Dec 06, 2018 - 02:41 PM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉੱਤਰ ਖੇਤਰ ਦੀ ਇਕ ਪ੍ਰਿੰਟਿੰਗ ਪ੍ਰੈਸ ਵਿਚ ਛਾਪੇਮਾਰੀ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਸਰਕਾਰ ਦੇ ਫਰਜ਼ੀ ਸਟਾਂਪ ਅਤੇ ਦਸਤਾਵੇਜ਼ ਅਤੇ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (ਟੀਟੀਪੀ) ਦਾ ਸਾਹਿਤ ਜ਼ਬਤ ਕੀਤਾ ਗਿਆ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ ਪੁਲਸ ਨੇ ਯੂਸਫਜ਼ਈ ਪ੍ਰਿੰਟਿੰਗ ਪ੍ਰੈਸ ਵਿਚ ਗੈਰਕਾਨੂੰਨੀ ਗਤੀਵਿਧੀਆਂ ਚਲਣ ਦੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਭਾਰਤ ਅਤੇ ਅਫਗਾਨਿਸਤਾਨ ਸਰਕਾਰ ਦੇ ਫਰਜ਼ੀ ਸਟਾਂਪ ਅਤੇ ਦਸਤਾਵੇਜ਼ ਮਿਲੇ, ਜਿਨ੍ਹਾਂ ਨੂੰ ਪੁਲਸ ਨੇ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਅਖਬਾਰ ਨੇ ਥਾਣਾ ਮੁਖੀ ਮੁਹੰਮਦ ਨੂਰ ਖਾਨ ਦੇ ਹਵਾਲੇ ਤੋਂ ਕਿਹਾ ਕਿ ਪੁਲਸ ਨੇ ਪੁਰਾਣੇ ਸ਼ਹਿਰ ਵਿਚ ਕਿੱਸਾਖਵਾਨੀ ਬਾਜ਼ਾਰ ਵਿਚ ਇਕ ਪ੍ਰਿੰਟਿੰਗ ਪ੍ਰੈਸ ਤੋਂ ਅਫਗਾਨ ਅਤੇ ਭਾਰਤ ਸਰਕਾਰਾਂ ਦੇ ਫਰਜ਼ੀ ਦਸਤਾਵੇਜ਼ ਅਤੇ ਸਟਾਂਪ ਦੇ ਨਾਲ ਟੀਟੀਪੀ ਦਾ ਸਾਹਿਤ ਜ਼ਬਤ ਕੀਤਾ ਹੈ। ਛਾਪੇ ਤੋਂ ਬਾਅਦ ਪੁਲਸ ਨੇ ਪ੍ਰੈਸ ਦੇ ਮਾਲਿਕ ਕਾਰੀ ਸੈਫ ਉੱਲਾਹ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿੱਛ ਚੱਲ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਦੋਸ਼ ਤੈਅ ਕੀਤੇ ਜਾਣਗੇ।