92 ਸਾਲਾ ਬੇਬੇ ਨੂੰ ਨਕਲੀ ਕੋਰੋਨਾ ਟੀਕਾ ਲਗਾ ਕੇ 160 ਪੌਂਡ ਠੱਗਣ ਵਾਲਾ ਪੁਲਸ ਹਿਰਾਸਤ ''ਚ

Saturday, Jan 16, 2021 - 01:35 PM (IST)

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੀ ਸਥਿਤੀ ਦਿਨ ਪ੍ਰਤੀ ਦਿਨ ਚਿੰਤਾਜਨਕ ਹੋ ਰਹੀ ਹੈ। ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਣ ਦੇ ਸੰਭਵ ਯਤਨ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇਕ ਕੋਰੋਨਾ ਵਾਇਰਸ ਟੀਕਾਕਰਨ ਸਭ ਤੋਂ ਪ੍ਰਮੁੱਖ ਹੈ, ਜੋ ਕਿ ਵਾਇਰਸ ਨੂੰ ਹਰਾਉਣ ਦੀ ਲੜਾਈ ਦਾ ਇਕ ਤਾਕਤਵਰ ਹਥਿਆਰ ਹੈ। ਯੂ. ਕੇ. ਵਿਚ ਵੱਡੇ ਪੱਧਰ 'ਤੇ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇਸ ਸਥਿਤੀ ਵਿਚ ਵੀ ਕੁੱਝ ਗ਼ਲਤ ਅਨਸਰ ਆਪਣੇ ਨਿੱਜੀ ਸਵਾਰਥ ਲਈ ਧੋਖਾਧੜੀ ਕਰਨ ਤੋਂ ਬਾਜ਼ ਨਹੀਂ ਆਉਂਦੇ। 

ਕੋਰੋਨਾ ਟੀਕਾਕਰਨ ਦੇ ਮਾਮਲੇ ਵਿਚ ਧੋਖਾਧੜੀ ਦਾ ਇਕ ਮਾਮਲਾ ਲੰਡਨ ਵਿਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ 92 ਸਾਲਾ ਔਰਤ ਨੂੰ ਜਾਅਲੀ ਕੋਰੋਨਾ ਵਾਇਰਸ ਟੀਕਾ ਲਗਾਉਣ ਲਈ 160 ਪੌਂਡ ਹਥਿਆਏ ਹਨ। ਇਸ ਮਾਮਲੇ ਵਿਚ 33 ਸਾਲਾ ਡੇਵਿਡ ਚੈਂਬਰਜ਼ ਨਾਮ ਦੇ ਇਸ ਵਿਅਕਤੀ ਨੇ 30 ਦਸੰਬਰ ਨੂੰ ਕਥਿਤ ਤੌਰ 'ਤੇ 92 ਸਾਲਾ ਪੈਨਸ਼ਨਰ ਦਾ ਦਰਵਾਜ਼ਾ ਖੜਕਾ ਕੇ ਇਸ ਰਾਸ਼ੀ ਦਾ ਭੁਗਤਾਨ ਕਰਨ ਬਦਲੇ ਕੋਰੋਨਾਂ ਟੀਕਾ ਲਗਾਉਣ ਦੀ ਗੱਲ ਕੀਤੀ ਅਤੇ ਟੀਕਾਕਰਨ ਦਾ ਦਿਖਾਵਾ ਕਰਨ ਲਈ ਉਸ ਨੇ ਬਜ਼ੁਰਗ ਔਰਤ ਦੇ ਗੁੱਟ ਉੱਤੇ ਕੁਝ ਦਬਾ ਕੇ ਉਸ ਤੋਂ 160 ਪੌਂਡ ਦੀ ਫੀਸ ਵਸੂਲ ਕੀਤੀ। 

ਇਸ ਦੇ ਇਲਾਵਾ ਇਹ ਆਦਮੀ 4 ਜਨਵਰੀ ਨੂੰ ਦੁਬਾਰਾ ਫਿਰ ਉਸ ਬੇਬੇ ਤੋਂ ਹੋਰ 100 ਪੌਂਡ ਲੈਣ ਲਈ ਵਾਪਸ ਆਇਆ । ਇਸ ਵਿਅਕਤੀ ਉੱਪਰ ਝੂਠੀ ਨੁਮਾਇੰਦਗੀ ਕਰਕੇ ਧੋਖਾਧੜੀ ਕਰਨ, ਲੰਡਨ ਦੀ ਤਾਲਾਬੰਦੀ ਸੰਬੰਧੀ ਪਾਬੰਦੀਆਂ ਨੂੰ ਤੋੜਨ ਆਦਿ ਦੇ ਦੋਸ਼ ਲਗਾਏ ਗਏ ਹਨ । ਚੈਂਬਰਜ਼ ਸਰਬਿਟਨ ਖੇਤਰ ਨਾਲ ਸੰਬੰਧਤ ਹੈ, ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਕੋਰਟ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੂੰ 12 ਫਰਵਰੀ ਨੂੰ ਕਿੰਗਸਟਨ ਕਰਾਊਨ ਕੋਰਟ ਵਿਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


Lalita Mam

Content Editor

Related News