ਗ਼ਦਰੀ ਬਾਬਿਆਂ ਦੀ ਯਾਦ 'ਚ ਕਰਵਾਇਆ ਮੇਲਾ ਯਾਦਗਾਰੀ ਹੋ ਨਿੱਬੜਿਆ
Tuesday, Oct 22, 2024 - 01:35 PM (IST)
ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ, ਉਹ ਹਰ ਸਮੇਂ ਪੰਜਾਬ ਨਾਲ ਜੁੜੇ ਰਹਿੰਦੇ ਹਨ। ਇਸੇ ਲੜੀ ਅਤੇ ਸਮਰਪਣ ਤਹਿਤ ਗਦਰ ਲਹਿਰ ਦੀ ਸ਼ੁਰੂਆਤ 1913 ਵਿੱਚ ਅਮਰੀਕਾ ਤੋਂ ਹੋਈ ਸੀ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ ਲਈ ਤਕਰੀਬਨ 8000 ਹਜ਼ਾਰ ਦੇ ਕਰੀਬ ਗ਼ਦਰੀ ਬਾਬੇ ਭਾਰਤ ਪਰਤੇ ਸਨ। ਜਿੰਨਾ ਵਿੱਚੋਂ ਬਹੁਤਾਤ ਪੰਜਾਬੀਆਂ ਦੀ ਸੀ। ਗਦਰ ਦੀ ਗੂੰਜ ਅਖ਼ਬਾਰ ਕੈਲੀਫੋਰਨੀਆਂ ਦੀ ਧਰਤੀ ਸਾਨਫਰਾਸਸਕੋ ਤੋਂ ਨਿਕਲਦਾ ਰਿਹਾ, ਜਿਸ ਦੀ ਗੂੰਜ ਨੇ ਗੋਰਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਇਸੇ ਲਹਿਰ ਨੂੰ ਸਮਰਪਿਤ ਭਾਰਤ ਦੀ ਆਜ਼ਾਦੀ ਲਈ ਜੂਝਣ ਵਾਲੇ ਗਦਰੀਆਂ ਨੂੰ ਯਾਦ ਕਰਦੇ ਹੋਏ ਅਤੇ ਕਿਸਾਨ ਲਹਿਰ ਪੱਗੜੀ ਸੰਭਾਲ ਜੱਟਾ ਦੇ ਨਾਇਕ ਚਾਚਾ ਅਜੀਤ ਸਿੰਘ ਨੂੰ ਸਮਰਪਿਤ ਗ਼ਦਰੀ ਬਾਬਿਆਂ ਦਾ ਮੇਲਾ ਇੰਡੋ ਯੂ.ਐਸ. ਹੈਰੀਟੇਜ਼ ਫਰਿਜਨੋ, ਦੇ ਸਮੂਹ ਮੈਬਰਾਂ ਦੇ ਸਿਰਤੋੜ ਯਤਨਾਂ ਸਦਕੇ ਲੰਘੇ ਐਤਵਾਰ ਸਥਾਨਿਕ ਟਿੱਲੀ ਐਲੀਮੈਂਟਰੀ ਸਕੂਲ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।
ਇਸ ਵਾਰ ਇਸ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪੱਤਰਕਾਰ ਪਰਮਵੀਰ ਸਿੰਘ ਬਾਠ ਨੇ ਸ਼ਿਰਕਤ ਕੀਤੀ। ਉਹਨਾਂ ਸਭ ਤੋਂ ਪਹਿਲਾ ਸੰਸਥਾ ਦੇ ਸਮੂਹ ਮੈਂਬਰਾਂ ਨਾਲ ਸ਼ਹੀਦਾਂ ਨੂੰ ਨਮਨ ਕਰਦਿਆਂ ਸ਼ਮਾਂ ਰੌਸ਼ਨ ਕੀਤੀ। ਆਪਣੇ ਭਾਸ਼ਨ ਦੌਰਾਨ ਉਹਨਾਂ ਬੜੇ ਤਫ਼ਸੀਲ ਨਾਲ ਗਦਰ ਇਤਿਹਾਸ ਬਾਰੇ ਚਾਨਣਾ ਪਾਇਆ। ਉਹਨਾਂ ਪ੍ਰਬੰਧਕਾਂ ਦੀ ਤਰੀਫ਼ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਮੇਲੇ ਲਾਉਣੇ ਕੋਈ ਸੌਖਾ ਕੰਮ ਨਹੀ, ਕਲਾਕਾਰਾਂ ਦੇ ਅਖਾੜਿਆਂ ਵਿੱਚ ਲੋਕੀ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਚਲੇ ਜਾਂਦੇ, ਪਰ ਇਸ ਬੌਧਿੱਕ ਕੰਗਾਲੀ ਦੇ ਸਮੇਂ ਕੰਮ ਦੀਆਂ ਗੱਲਾਂ ਸੁਣਾਉਣ ਲਈ ਵੀ ਵੱਡੇ ਜਿੱਗਰੇ ਕਰਨੇ ਪੈਂਦੇ। ਉਨ੍ਹਾਂ ਕਿਹਾ ਮੋਬਾਇਲ ਫੋਨ ਨੇ ਸਾਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ, ਜਿਹੜਾ ਕਿ ਇੱਕ ਖਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਤਾਬਾਂ ਨੂੰ ਸੱਚੇ ਦੋਸਤ ਬਣਾਉਣਾ ਚਾਹੀਦਾ ਹੈ। ਦੁਨੀਆ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ, ਲੋਕੀ ਤਣਾਅ ਵਿੱਚ ਹਨ। ਇਹੋ ਜਿਹੇ ਮੇਲੇ ਸਾਨੂੰ ਗ਼ਦਰੀ ਯੋਧਿਆਂ ਦੇ ਜੀਵਨ ਤੋਂ ਪ੍ਰੇਰਨਾਂ ਲੈਣੀ ਸਿਖਾਉਂਦੇ ਹਨ, ਜਿਹੜੇ ਅੰਡੇ-ਮਾਨ, ਨਿਕੋਬਾਰ ਦੀਆਂ ਕਾਲੀਆਂ ਕੋਠੜੀਆਂ ਵਿੱਚ ਵੀ ਚੜ੍ਹਦੀਕਲਾ ਵਿੱਚ ਰਹੇ।
ਇਸ ਮੌਕੇ ਸਰੋਤਿਆਂ ਨੇ ਉਨ੍ਹਾਂ ਦੇ ਵਿਚਾਰ ਸਾਹ ਰੋਕਕੇ ਸੁਣੇ ਤੇ ਆਪ ਮੁਹਾਰੇ ਤਾੜੀਆਂ ਮਾਰੀਆਂ। ਉਪਰੰਤ ਪੱਤਰਕਾਰ ਪਰਮਵੀਰ ਬਾਠ ਨੇ ਸੰਸਥਾ ਦਾ ਸੋਵੀਨੀਅਰ ਰਿਲੀਜ਼ ਕੀਤਾ। ਭੈਣਜੀ ਕੁਲਜੀਤ ਕੌਰ ਮਾਨ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ ਤੇ ਗਦਰ ਲਹਿਰ ਦੀ ਗੱਲਬਾਤ ਕਰਦਿਆਂ ਐਜੂਕੇਸ਼ਨ ਤੇ ਇਨਸਾਨੀ ਕਦਰਾਂ ਕੀਮਤਾਂ ਬਾਰੇ ਚਾਨਣਾ ਪਾਇਆ। ਸੰਸਥਾ ਦੇ ਕਨਵੀਨਰ ਸ. ਸਾਧੂ ਸਿੰਘ ਸੰਘਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਚਾਚਾ ਅਜੀਤ ਸਿੰਘ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਭਾਵਪੂਰਕ ਸਪੀਚ ਨੇ ਹਰ ਅੱਖ ਨਮ ਕਰ ਦਿੱਤੀ। ਸੈਕਟਰੀ ਹੈਰੀ ਮਾਨ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਗਦਰ ਲਹਿਰ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਦੀ ਨਾਲ ਉਨ੍ਹਾਂ ਨੇ ਅਮਰੀਕਾ ਵਿੱਚ ਅਗਲੇ ਮਹੀਨੇ ਆ ਰਹੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੱਤਦਾਨ ਸੋਚ ਸਮਝ ਕੇ ਕਰਨ ਦੀ ਬੇਨਤੀ ਵੀ ਕੀਤੀ। ਡਾ. ਗੁਰਰੀਤ ਬਰਾੜ ਨੇ ਪੰਜਾਬ ਅੰਦਰ ਖੇਤੀ ਸੰਕਟ ਅਤੇ ਪ੍ਰਦੁਸ਼ਤ ਹੋ ਰਹੇ ਵਾਤਾਵਰਨ ਬਾਰੇ ਚਿੰਤਾ ਜਾਹਿਰ ਕੀਤੀ। ਇਸ ਤੋਂ ਇਲਾਵਾ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਅਤੇ ਗਾਇਕ ਕਮਲਜੀਤ ਬੈਨੀਪਾਲ ਨੇ ਸ਼ਾਨਦਾਰ ਕਵਿੱਸ਼ਰੀ ਗਾਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਗਾਇਕ ਪੱਪੀ ਭਦੌੜ, ਰਾਜ ਬਰਾੜ, ਗੁਰਦੀਪ ਕੁੱਸਾ, ਦਿਲਪ੍ਰੀਤ ਕੌਰ, ਗੋਗੀ ਸੰਧੂ, ਹਰਜੀਤ ਰੂਬੀ ਆਦਿ ਨੇ ਇਨਕਲਾਬੀ ਗੀਤਾਂ ਨਾਲ ਬਹਿਜਾ ਬਹਿਜਾ ਕਰਵਾ ਦਿੱਤੀ।
ਇਸ ਮੌਕੇ ਮਲਕੀਤ ਸਿੰਘ ਕਿੰਗਰਾ ਅਤੇ ਉਨ੍ਹਾਂ ਦੀ ਪੋਤਰੀ ਸਵਨੀਤ ਕੌਰ ਕਿੰਗਰਾ ਨੇ ਵੀ ਸਟੇਜ ਤੋਂ ਹਾਜ਼ਰੀ ਭਰੀ। ਸਵਨੀਤ ਕੌਰ ਨੇ ਚਾਚਾ ਅਜੀਤ ਸਿੰਘ ਦੀ ਪਤਨੀ ਦੇ ਜੀਵਨ ਤੇ ਪੰਛੀ ਝਾਤ ਪਵਾਈ। ਉੱਘੇ ਕਾਰੋਬਾਰੀ ਚਰਨਜੀਤ ਸਿੰਘ ਬਾਠ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਧੀ ਪੰਜਾਬ ਦੀ ਭੰਗੜਾ ਅਕੈਡਮੀਂਦੇ ਬੱਚਿਆਂ ਨੇ ਸ਼ਾਨਦਾਰ ਭੰਗੜਾ ਪਾਕੇ ਮੇਲੇ ਨੂੰ ਚਰਮ ਸੀਮਾਂ ਤੱਕ ਪਹੁੰਚਾਇਆ। ਇਨ੍ਹਾਂ ਬੱਚਿਆਂ ਨੂੰ ਭੰਗੜਾ ਕੋਚ ਤਰਨਜੀਤ ਕੌਰ ਵੱਲੋਂ ਸਿਖਾਇਆ ਹੋਇਆ ਸੀ, ਉਨ੍ਹਾਂ ਦੀ ਕੋਰੀਓਗ੍ਰਾਫੀ਼ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਨਜ਼ਰੀਂ ਆਇਆ। 4.0 ਗ੍ਰੇਡ ਪੁਆਇੰਟ ਵਾਲੇ ਬੱਚਿਆਂ ਨੂੰ ਸੰਸਥਾ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰ ਕੁਲਵੰਤ ਊਭੀ ਧਾਲੀਆਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਜਾ ਰਹੀਆਂ ਪੱਤਰਕਾਰੀ ਦੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੂੰ ਮੇਲੇ ਲਈ ਸਹਿਯੋਗ ਕਰਨ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਰਿਪਬਲਿਕਨ ਨੇਤਾਵਾਂ ਨੇ ਨੀਤੀਗਤ ਮੁੱਦਿਆਂ 'ਤੇ Kamala Harris ਦੀ ਕੀਤੀ ਨਿੰਦਾ
ਇਸ ਮੇਲੇ ਵਿੱਚ ਗਦਰੀ ਬਾਬਿਆਂ ਦੀ ਫੋਟੋ ਪ੍ਰਦਰਸ਼ਨੀ ਨੇ ਵੀ ਸਰੋਤਿਆਂ ਦਾ ਖਾਸ ਧਿਆਨ ਖਿੱਚਿਆ। ਇਸ ਮੌਕੇ ਇੰਡੋ ਅਮੈਰਕਿਨ ਹੈਰੀਟੇਜ, ਵਿਰਸਾ ਫਾਊਂਡੇਸ਼ਨ, ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ, ਪੀਸੀਏ ਦੇ ਨਾਲ-ਨਾਲ ਸਾਰੀਆਂ ਹੀ ਭਰਾਤਰੀ ਜਥੇਬੰਦੀਆਂ ਮਜੂਦ ਰਹੀਆਂ। ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਇਲਾਕੇ ਦੀਆਂ ਸਿਰਕੱਢ ਸ਼ਖਸੀਅਤਾਂ ਹਾਜ਼ਰ ਰਹੀਆਂ।ਮੇਲੇ ਦੌਰਾਨ ਚੇਤਨਾਂ ਪ੍ਰਕਾਸ਼ਨ ਵਾਲੇ ਸ਼ਤੀਸ਼ ਗੁਲਾਟੀ ਨੇ ਕਿਤਾਬਾਂ ਦਾ ਸਟਾਲ ਲਾਇਆ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਮੇਲਾ ਪ੍ਰਬੰਧਕ ਵੀਰਾਂ ਦੀ ਮਿਹਨਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸੰਸਥਾ ਮੈਬਰਾਂ ਸ. ਸਾਧੂ ਸਿੰਘ ਸੰਘਾ (ਕਰਵੀਨਰ), ਨਿਰਮਲ ਸਿੰਘ ਗਿੱਲ (ਪ੍ਰਧਾਨ), ਹੈਰੀ ਮਾਨ (ਸੈਕਰਟਰੀ),ਰਣਜੀਤ ਗਿੱਲ (ਸੈਕਟਰੀ), ਮਨਜੀਤ ਸਿੰਘ ਕੁਲਾਰ (ਖਜਾਨਚੀ), ਸਤਵੰਤ ਸਿੰਘ ਵਿਰਕ, ਰਾਜ ਵੈਰੋਕੇ, ਮਾਸਟਰ ਸੁਲੱਖਣ ਸਿੰਘ ਗਿੱਲ, ਕੁਲਵਿੰਦਰ ਸਿੰਘ ਢੀਡਸਾ (ਬਿੱਲੂ) , ਸੰਤੋਖ ਸਿੰਘ ਢਿੱਲੋ, ਕਮਲਜੀਤ ਬੈਨੀਪਾਲ, ਪੁਸ਼ਪਿੰਦਰ ਪਾਤੜਾਂ ਸਿਰ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।