ਪਾਕਿਸਤਾਨ ਦੇ ਬਲੋਚਿਸਤਾਨ 'ਚ ਜ਼ੋਰਦਾਰ ਧਮਾਕਾ, 4 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ
Sunday, Feb 26, 2023 - 12:06 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਲੋਚਿਸਤਾਨ ਦੇ ਬਰਖਾਨ 'ਚ ਐਤਵਾਰ ਸਵੇਰੇ ਰੱਖਨੀ ਬਾਜ਼ਾਰ 'ਚ ਹੋਏ ਧਮਾਕੇ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬਰਖਾਨ ਸਟੇਸ਼ਨ ਹਾਊਸ ਅਫਸਰ (ਐਸਐਚਓ) ਸੱਜਾਦ ਅਫਜ਼ਲ ਨੇ ਡਾਨ ਡਾਟ ਕਾਮ ਨੂੰ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਇੱਕ ਪੁਲਸ ਟੀਮ ਘਟਨਾ ਸਥਾਨ 'ਤੇ ਪਹੁੰਚ ਗਈ ਹੈ ਅਤੇ ਜਾਂਚ ਲਈ ਖੇਤਰ ਨੂੰ ਘੇਰ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਸ਼ਾਂਤੀ ਲਈ ਇਟਲੀ 'ਚ ਰੈਲੀ ਦਾ ਆਯੋਜਨ
ਬਰਖਾਨ ਦੇ ਡਿਪਟੀ ਕਮਿਸ਼ਨਰ ਅਬਦੁੱਲਾ ਖੋਸੋ ਨੇ ਡਾਨ ਡਾਟ ਕਾਮ ਨੂੰ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਮੋਟਰਸਾਈਕਲ 'ਤੇ ਲਗਾਇਆ ਗਿਆ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈਈਡੀ) ਫਟ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਅਣ-ਪ੍ਰਮਾਣਿਤ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਵਲੰਟੀਅਰ ਖੂਨ ਨਾਲ ਲਥਪਥ ਪੀੜਤਾਂ ਨੂੰ ਲਿਜਾ ਰਹੇ ਹਨ। ਸੜਕ ’ਤੇ ਸੜੀਆਂ ਹੋਈਆਂ ਸਬਜ਼ੀਆਂ ਅਤੇ ਮੋਟਰ ਸਾਈਕਲਾਂ ਦੇ ਢੇਰ ਲੱਗੇ ਹੋਏ ਦੇਖੇ ਜਾ ਸਕਦੇ ਹਨ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੂਸ ਬਿਜੈਂਜੋ ਨੇ ਧਮਾਕੇ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਬੇਕਸੂਰ ਲੋਕਾਂ ਦਾ ਖੂਨ ਵਹਾਉਣ ਵਾਲੇ ਮਨੁੱਖਤਾ ਦੇ ਦੁਸ਼ਮਣ ਹਨ। ਮੰਤਰੀ ਨੇ ਵਾਅਦਾ ਕਰਦਿਆਂ ਕਿਹਾ ਕਿ ਸਰਕਾਰ ਇੱਕ ਪ੍ਰਭਾਵੀ ਅੱਤਵਾਦ ਵਿਰੋਧੀ ਰਣਨੀਤੀ ਅਪਣਾਏਗੀ ਅਤੇ ਅਸੀਂ ਰਾਜ-ਵਿਰੋਧੀ ਤੱਤਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ,”। ਬਿਜੈਂਜੋ ਨੇ ਅਧਿਕਾਰੀਆਂ ਨੂੰ ਜ਼ਖਮੀ ਲੋਕਾਂ ਨੂੰ ਵਧੀਆ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।