ਅਮਰੀਕਾ ’ਚ ਨਰਸਿੰਗ ਹੋਮ ’ਚ ਧਮਾਕਾ, 2 ਦੀ ਮੌਤ
Thursday, Dec 25, 2025 - 03:10 AM (IST)
ਵਾਸ਼ਿੰਗਟਨ - ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ’ਚ ਫਿਲਾਡੇਲਫੀਆ ਨੇੜੇ ਬ੍ਰਿਸਟਲ ਹੈਲਥ ਐਂਡ ਰੀਹੈਬ ਸੈਂਟਰ ਨਾਂ ਦੇ ਨਰਸਿੰਗ ਹੋਮ ’ਚ ਮੰਗਲਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਭਾਰੀ ਅੱਗ ਲੱਗਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਕਾਰਨ ਇਮਾਰਤ ਦਾ ਇਕ ਹਿੱਸਾ ਢਹਿ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਵੀ ਹੈ। ਧਮਾਕਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 2:17 ਵਜੇ ਦੇ ਕਰੀਬ ਹੋਇਆ। ਇਸ ਤੋਂ ਪਹਿਲਾਂ ਨਰਸਿੰਗ ਹੋਮ ’ਚ ਗੈਸ ਦੀ ਬਦਬੂ ਆਉਣ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਗੈਸ ਕੰਪਨੀ ਦੀ ਇਕ ਟੀਮ ਜਾਂਚ ਲਈ ਪਹੁੰਚੀ ਸੀ। ਪੁਲਸ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਅਜੇ ਤੱਕ ਇਹ ਸਾਫ ਨਹੀਂ ਹੈ ਕਿ ਕੋਈ ਲਾਪਤਾ ਹੈ ਜਾਂ ਨਹੀਂ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
