ਕੋਰੋਨਾ ਵਾਇਰਸ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ WHO
Friday, Jul 02, 2021 - 05:40 PM (IST)
ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਇਹ ਪਤਾ ਲਾਉਣ ਲਈ ਅਗਲੇ ਪੜਾਅ ਦੀ ਜਾਂਚ ਲਈ ਯੋਜਨਾਵਾਂ ਬਣਾਈਆਂ ਹਨ ਕਿ ਕੋਰੋਨਾ ਵਾਇਰਸ ਮਹਾਮਾਰੀ ਕਿਵੇਂ ਸ਼ੁਰੂ ਹੋਈ ਪਰ ਇਸ ਵਿਚਾਲੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੀ ਇਹ ਏਜੰਸੀ ਇਸ ਕੰਮ ਲਈ ਢੁੱਕਵੀਂ ਨਹੀਂ ਹੈ ਤੇ ਉਸ ਨੂੰ ਇਸ ਦੀ ਜਾਂਚ ਨਹੀਂ ਕਰਨੀ ਚਾਹੀਦੀ। ਡਬਲਯੂ. ਐੱਚ. ਓ. ਨਾਲ ਮਜ਼ਬੂਤ ਸਬੰਧ ਰੱਖਣ ਵਾਲੇ ਮਾਹਿਰਾਂ ਸਮੇਤ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਸਿਆਸੀ ਤਣਾਅ ਨੇ ਏਜੰਸੀ ਦੇ ਭਰੋਸੇਯੋਗ ਜਵਾਬ ਲੱਭਣ ਦੇ ਉਦੇਸ਼ ਨਾਲ ਜਾਂਚ ਕਰਨ ਨੂੰ ਅਸੰਭਵ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਕੋਰੋਨਾ ਦੀ ਉਤਪੱਤੀ ਦਾ ਪਤਾ ਲਾਉਣ ਲਈ ਡਬਲਯੂ. ਐੱਚ. ਓ.-ਚੀਨ ਦੇ ਸਾਂਝੇ ਅਧਿਐਨ ਦੇ ਪਹਿਲੇ ਹਿੱਸੇ ਦਾ ਮਾਰਚ ਵਿਚ ਨਤੀਜਾ ਨਿਕਲਿਆ ਸੀ ਕਿ ਇਹ ਵਾਇਰਸ ਸੰਭਵ ਤੌਰ ’ਤੇ ਇਹ ਪਸ਼ੂਆਂ ਤੋਂ ਮਨੁੱਖਾਂ ’ਚ ਆਇਆ ਤੇ ਇਸ ਦੇ ਲੈਬ ’ਚੋਂ ਲੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਜਾਂਚ ਦੇ ਅਗਲੇ ਪੜਾਅ ’ਚ ਮਨੁੱਖਾਂ ਵਿਚ ਇਸ ਵਾਇਰਸ ਦੇ ਪਹਿਲੇ ਮਾਮਲੇ ਦੀ ਵਿਸਤਾਰ ਨਾਲ ਜਾਂ ਇਸ ਲਈ ਕਿਹੜੇ ਪਸ਼ੂੂ ਜ਼ਿੰਮੇਵਾਰ ਹਨ, ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਜਿਹਾ ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਸੰਭਵ ਤੌਰ ’ਤੇ ਚਮਗਿੱਦੜਾਂ ਤੋਂ ਫੈਲਿਆ। ਇਸ ਮਹਾਮਾਰੀ ਦੇ ਲੈਬ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਨੇ ਹਾਲ ਹੀ ’ਚ ਰਫਤਾਰ ਫੜੀ ਸੀ, ਜਦੋਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕਾ ਦੀ ਖੁਫੀਆ ਸੇਵਾ ਨੂੰ 90 ਦਿਨਾਂ ਦੇ ਅੰਦਰ ਇਸ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਧਰਤੀ ਦੀ ਸਭ ਤੋਂ ਗਰਮ ਥਾਂ ਹੈ ਪਾਕਿਸਤਾਨ ਦਾ ਇਹ ਸ਼ਹਿਰ ! ਆਸਮਾਨ ਤੋਂ ਵਰ੍ਹਦੀ ਹੈ ਅੱਗ
ਇਸ ਮਹੀਨੇ ਦੀ ਸ਼ੁਰੂਆਤ ਵਿਚ ਡਬਲਯੂ. ਐੱਚ. ਓ. ਦੇ ਐਮਰਜੈਂਸੀ ਸੰਬੰਧੀ ਕੰਮਾਂ ਦੇ ਮੁਖੀ ਡਾ. ਮਾਈਕਲ ਰਿਆਨ ਨੇ ਕਿਹਾ ਕਿ ਏਜੰਸੀ ਆਪਣੀ ਜਾਂਚ ਦੇ ਅਗਲੇ ਪੜਾਅ ਦੀਆਂ ਜਾਣਕਾਰੀਆਂ ਨੂੰ ਆਖਰੀ ਰੂਪ ਦੇਣ ’ਤੇ ਕੰਮ ਕਰ ਰਹੀ ਹੈ ਤੇ ਕਿਉਂਕਿ ਡਬਲਯੂ. ਐੱਚ. ਓ. ਦੇਸ਼ਾਂ ਨੂੰ ਅਪੀਲ ਕਰਨ ਦੇ ਆਧਾਰ ’ਤੇ ਕੰਮ ਕਰਦਾ ਹੈ ਤਾਂ ਉਸ ਕੋਲ ਚੀਨ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਮਜਬੂਰ ਕਰਨ ਦੀ ਸ਼ਕਤੀ ਨਹੀਂ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਡਬਲਯੂ. ਐੱਚ. ਓ. ਦੀ ਜਾਂਚ ਦਾ ਅਸਫਲ ਹੋਣਾ ਤੈਅ ਹੈ। ਜਾਰਜ ਟਾਊਨ ਯੂਨੀਵਰਸਿਟੀ ’ਚ ਜਨ ਸਿਹਤ ਕਾਨੂੰਨ ਤੇ ਮਨੁੱਖੀ ਅਧਿਕਾਰਾਂ ’ਤੇ ਡਬਲਯੂ. ਐੱਚ. ਓ. ਦੇ ਸਹਿਯੋਗ ਕੇਂਦਰ ਦੇ ਨਿਰਦੇਸ਼ਕ ਲਾਰੇਂਸ ਗੋਸਟਿਨ ਨੇ ਕਿਹਾ ਕਿ ਅਸੀਂ ਵਿਸ਼ਵ ਸਿਹਤ ਸੰਗਠਨ ’ਤੇ ਨਿਰਭਰ ਰਹਿੰਦਿਆਂ ਕਦੀ ਇਸ ਦੀ ਉਤਪੱਤੀ ਦਾ ਪਤਾ ਨਹੀਂ ਲਾ ਸਕਾਂਗੇ। ਡੇਢ ਸਾਲ ਤੋਂ ਚੀਨ ਉਨ੍ਹਾਂ ਨੂੰ ਅਣਸੁਣਿਆ ਕਰ ਰਿਹਾ ਹੈ ਤੇ ਇਹ ਸਪੱਸ਼ਟ ਹੈ ਕਿ ਉਹ ਕਦੀ ਇਸ ਦੀ ਤਹਿ ਤੱਕ ਨਹੀਂ ਪਹੁੰਚ ਸਕਣਗੇ।