ਉੱਘੇ ਇੰਟਰਨੈਸ਼ਨਲ ਕਬੱਡੀ ਕੋਚ ਸਾਧੂ ਸਿੰਘ ਬਰਾੜ ਨੂੰ ਫਰਿਜ਼ਨੋ ''ਚ ਕੀਤਾ ਗਿਆ ਸਨਮਾਨਿਤ
Monday, Oct 27, 2025 - 11:20 AM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਉੱਘੇ ਇੰਟਰਨੈਸ਼ਨਲ ਕਬੱਡੀ ਕੋਚ ਸਾਧੂ ਸਿੰਘ ਬਰਾੜ (ਪੱਤੋ) ਅੱਜਕੱਲ੍ਹ ਆਪਣੀ ਅਮਰੀਕਾ ਫੇਰੀ 'ਤੇ ਹਨ। ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚੋਂ ਉਨ੍ਹਾਂ ਦੇ ਸ਼ਗਿਰਦ ਰਾਜੂ ਪੱਤੋ ਨੇ ਉਨ੍ਹਾਂ ਦੇ ਸਨਮਾਨ ਹਿੱਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਆਪਣੇ ਗ੍ਰਹਿ ਵਿਖੇ ਕੀਤਾ, ਜਿੱਥੇ ਸਮੂਹ ਸੱਜਣਾਂ ਨੇ ਉਨ੍ਹਾਂ ਦਾ ਗੋਲਡ ਮੈਡਲ ਅਤੇ ਸ਼ੀਲਡ ਨਾਲ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਵੀ ਉਨ੍ਹਾਂ ਨਾਲ ਮਜੂਦ ਰਹੇ।
ਇਸ ਸਮੇਂ ਬੋਲਦਿਆਂ ਸਾਧੂ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਲੰਮਾ ਸਮਾਂ ਪੱਤੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਖੋ-ਖੋ ਅਤੇ ਕਬੱਡੀ ਦੇ ਦਾਅ ਪੇਚ ਸਿਖਾਏ। ਇਸੇ ਧਰਤੀ ਤੋਂ ਉਨ੍ਹਾਂ ਹਰਜੀਤ ਬਾਜਾ ਖਾਨਾ, ਗਾਗੋ, ਕਾਲਾ ਗਾਜੀਆਣਾ ਵਰਗੇ ਅਨੇਕਾਂ ਪਲੇਅਰਾਂ ਨੂੰ ਸਟਾਰ ਬਣਾਇਆ। ਅੱਜ ਕੱਲ ਉਹ ਰਿਟਾਇਰਮੈਂਟ ਦਾ ਆਨੰਦ ਮਾਣਦੇ ਹੋਏ ਪੁਰਾਣੇ ਖਿਡਾਰੀਆਂ ਨਾਲ ਮੇਲ ਮਿਲਾਪ ਕਰ ਰਹੇ ਹਨ।
ਇਸ ਦੌਰਾਨ ਉਨ੍ਹਾਂ ਪੁਰਾਣੇ ਸਮੇਂ ਦੀ ਕਬੱਡੀ ਅਤੇ ਅੱਜਕੱਲ੍ਹ ਦੀ ਕਬੱਡੀ ਦੇ ਦਿਲਚਸਪ ਕਿੱਸੇ ਵੀ ਸੁਣਾਏ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਪੁੱਤਾਂ ਵਾਂਗ ਸਕੂਲ ਤੇ ਘਰ ਵਿੱਚ ਰੱਖ ਕੇ ਟ੍ਰੇਨਿੰਗ ਦਿੱਤੀ। ਇਸ ਸਾਰੇ ਸਫ਼ਰ ਦੌਰਾਨ ਉਨ੍ਹਾਂ ਦੀ ਸਤਿਕਾਰਯੋਗ ਧਰਮ ਪਤਨੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹਰ ਹਿੱਸੇ ਵਿੱਚ ਮੇਰੇ ਸ਼ਗਿਰਦ ਵੱਸਦੇ ਹਨ, ਤੇ ਮੈਨੂੰ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਬੱਚਿਆਂ ਕੋਲੋ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...
ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਕਈ ਵਰਲਡ ਕਬੱਡੀ ਕੱਪਾਂ ਦੌਰਾਨ ਭਾਰਤੀ ਕਬੱਡੀ ਟੀਮ ਦੀ ਕੋਚਿੰਗ ਕੀਤੀ ਤੇ ਬੱਚਿਆਂ ਨੇ ਮੁਸ਼ਕਲ ਹਲਾਤਾਂ ਦੌਰਾਨ ਵੀ ਚੰਗੀ ਖੇਡ ਵਿਖਾਈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਨਸ਼ੇ ਤਿਆਗ ਕੇ ਗਰਾਊਂਡਾਂ ਵਿੱਚ ਜਾ ਕੇ ਕਸਰਤ ਕਰ ਕੇ ਚੰਗੇ ਜੁੱਸੇ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਧਰਤੀ ਨਸ਼ੇ ਦੇ ਕੋਹੜ ਨੂੰ ਵੱਢ ਕੇ ਚੋਟੀ ਦੇ ਕਬੱਡੀ ਖਿਡਾਰੀ ਪੈਦਾ ਕਰ ਸਕੇ। ਉਨ੍ਹਾਂ ਸਮੂਹ ਸੱਜਣਾਂ ਦਾ ਮਾਣ ਸਨਮਾਨ ਲਈ ਧੰਨਵਾਦ ਕੀਤਾ।
ਇਸ ਮੌਕੇ ਮਜੂਦ ਸੱਜਣਾਂ ਵਿੱਚ ਰਾਜੂ ਪੱਤੋ ਕਬੱਡੀ ਖਿਡਾਰੀ, ਗੁਰਭੇਜ ਵਾਂਦਰ, ਗਾਜ਼ੀ ਮਾਣੂੰਕੇ, ਸੰਦੀਪ ਬੱਸੀਆਂ, ਸਾਬੀ ਕੁੱਸਾ (ਕਬੱਡੀ ਖਿਡਾਰੀ), ਕਪਤਾਨ ਕਲਿਆਣ (ਕਬੱਡੀ ਖਿਡਾਰੀ), ਹਰਦੀਪ ਪੰਡੌਰੀ (ਖਿਡਾਰੀ), ਗੋਰੀ ਪੱਤੋ, ਗੋਲਡੀ ਪੱਤੋ, ਲਵ ਥਿੰਦ, ਜਸਵੀਰ ਗਿੱਲ, ਚਰਨਾ ਮਾਣੂੰਕੇ, ਜਤਿੰਦਰ ਸਿੰਘ, ਧਰਮਪ੍ਰੀਤ, ਹੇਮਪਾਲ, ਗੁਰਦੀਪ, ਅਮਰਜੀਤ ਦੌਧਰ, ਬਹਾਦਰ ਸਿੱਧੂ, ਰੰਮੀ ਧਾਲੀਵਾਲ, ਜੈਲਾ ਧੂੜਕੋਟ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- 80 ਟ੍ਰਿਲੀਅਨ ਰੁਪਏ...! ਕਰਜ਼ੇ 'ਚ ਵਿੰਨ੍ਹਿਆ ਗਿਆ ਪਾਕਿਸਤਾਨੀਆਂ ਦਾ ਇਕ-ਇਕ ਵਾਲ
