USS ਨਿਮਿਤਜ਼ ਜਹਾਜ਼ ਵਾਹਕ ''ਤੇ ਇਕ ਜਹਾਜ਼ ਤੇ ਹੈਲੀਕਾਪਟਰ ਹਾਦਸਾਗ੍ਰਸਤ
Monday, Oct 27, 2025 - 05:02 PM (IST)
ਵਾਸ਼ਿੰਗਟਨ : ਜਹਾਜ਼ ਵਾਹਕ ਯੂਐੱਸਐੱਸ ਨਿਮਿਤਜ਼ ਉੱਤੇ ਤਾਇਨਾਤ ਇਕ ਲੜਾਕੂ ਜਹਾਜ਼ ਤੇ ਹੈਲੀਕਾਪਟਰ, ਦੋਵੇਂ ਹੀ ਤੀਹ ਮਿੰਟ ਦੇ ਫਰਕ ਨਾਲ ਦੱਖਣੀ ਚੀਨ ਸਾਗਰ ਵਿਚ ਹਾਦਸੇ ਦੇ ਸ਼ਿਕਾਰ ਹੋ ਗਏ। ਨੇਵੀ ਦੇ ਪ੍ਰਸ਼ਾਂਤ ਬੇੜੇ ਨੇ ਇਹ ਜਾਣਕਾਰੀ ਦਿੱਤੀ ਹੈ। ਬੇੜੇ ਨੇ ਇਕ ਬਿਆਨ ਵਿਚ ਕਿਹਾ ਕਿ ਐੱਮਐੱਚ-60ਆਰ ਸੀ ਹੌਕ ਹੈਲੀਕਾਪਟਰ ਦੇ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਐਤਵਾਰ ਦੁਪਹਿਰੇ ਬਚਾ ਲਿਆ ਗਿਆ ਤੇ ਐੱਫ/ਏ-18ਐੱਫ ਸੁਪਰ ਹਾਰਨੈਟ ਲੜਾਕੂ ਜਹਾਜ਼ ਵਿਚ ਸਵਾਰ ਦੋ ਪਾਈਲਟ ਬਾਹਰ ਨਿਕਲ ਗਏ ਤੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਿਆਨ ਦੇ ਮੁਤਾਬਕ ਪੰਜੇ ਸੁਰੱਖਿਅਤ ਤੇ ਸਥਿਰ ਹਾਲਤ ਵਿਚ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਹਾਦਸਿਆਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੋਕੀਓ ਜਾਂਦੇ ਸਮੇਂ ਏਅਰ ਫੋਰਸ ਵਨ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਇਹ ਹਾਦਸੇ ਖਰਾਬ ਈਂਧਨ ਦੇ ਕਾਰਨ ਹੋਈਆਂ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਲੁਕਾਉਣ ਲਈ ਕੁਝ ਵੀ ਨਹੀਂ ਹੈ। ਯਮਨ ਦੇ ਹੂਤੀ ਵਿਧਰੋਹੀਆਂ ਵੱਲੋਂ ਵਣਜ ਜਹਾਜ਼ਾਂ ਉੱਤੇ ਹਮਲਿਆਂ ਦੇ ਜਵਾਬ ਵਿਚ ਅਮਰੀਕਾ ਦੀ ਪ੍ਰਤੀਕਿਰਿਆ ਦੇ ਤਹਿਤ ਗਰਮੀਆਂ ਦਾ ਜ਼ਿਆਦਾਤਰ ਸਮਾਂ ਪੱਛਮੀ ਏਸ਼ੀਆ ਵਿਚ ਤਾਇਨਾਤ ਰਹਿਣ ਤੋਂ ਬਾਅਦ ਯੂਐੱਸਐੱਸ ਨਿਮਿਤਜ਼ ਵਾਸ਼ਿੰਗਟਨ ਸੂਬੇ ਵਿਚ ਨੇਵੀ ਬੇਸ ਕਿਟਸੈਪ ਵਿਚ ਆਪਣੇ ਘਰ ਬੰਦਰਗਾਹ ਉੱਤੇ ਪਰਤ ਰਿਹਾ ਹੈ। ਇਹ ਕੈਰੀਅਰ ਸੇਵਾਮੁਕਤ ਹੋਣ ਤੋਂ ਪਹਿਲਾਂ ਆਪਣੀ ਆਖਰੀ ਤਾਇਨਾਤੀ ਉੱਤੇ ਹੈ।
ਇਕ ਹੋਰ ਜਹਾਜ਼ ਵਾਹਕ ਕੈਰੀਅਰ ਯੂਐੱਸਐੱਸ ਹੈਰੀ ਐੱਸ. ਟਰੂਮੈਨ, ਹਾਲ ਦੇ ਮਹੀਨਿਆਂ ਵਿਚ ਪੱਛਮੀ ਏਸ਼ੀਆ ਵਿਚ ਤਾਇਨਾਤ ਰਹਿਣ ਦੌਰਾਨ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਹੈ। ਦਸੰਬਰ ਵਿਚ ਮਿਜ਼ਾਈਲ ਕਰੂਜ਼ਰ ਯੂਐੱਸਐੱਸ ਗੇਟਸਬਰਗ ਨੇ ਗਲਤੀ ਨਾਲ ਟਰੂਮੈਨ ਦੇ ਇਕ ਐੱਫ-ਏ-18 ਜੈੱਟ ਨੂੰ ਢੇਰ ਕਰ ਦਿੱਤਾ ਸੀ। ਫਿਰ ਅਪ੍ਰੈਲ ਵਿਚ ਅਜਿਹਾ ਹੀ ਇਕ ਲੜਾਕੂ ਟਰੂਮੈਨ ਦੇ ਹੈਂਗਰ ਡੈਕ ਤੋਂ ਫਿਸਲ ਕੇ ਲਾਲ ਸਾਗਰ ਵਿਚ ਡਿੱਗ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
