ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ''ਚ ਬੈਲਜੀਅਮ ਵਿਖੇ ਸਮਾਗਮ

06/05/2022 3:33:05 PM

ਰੋਮ (ਕੈਂਥ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਨੂੰ ਮੱਲੀਆਂ ਪਿੰਡ 'ਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੀ ਯਾਦ 'ਚ ਉਹਨਾਂ ਦੇ ਸੁਭਚਿੰਤਕਾਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਦੁਨੀਆ ਭਰ ਵਿੱਚ ਉਹਨਾਂ ਦੀ ਯਾਦ ਅਤੇ ਆਤਮਿਕ ਸਾਂਤੀ ਲਈ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬੈਲਜੀਅਮ ਭਰ ਦੇ ਕਬੱਡੀ ਪ੍ਰੇਮੀਆਂ ਵੱਲੋਂ ਉਹਨਾਂ ਦੀ ਯਾਦ ਵਿੱਚ ਬੈਲਜੀਅਮ ਦੇ ਸਭ 'ਤੋਂ ਪੁਰਾਣੇ ਗੁਰਦੁਆਰਾ ਸੰਗਤ ਸਾਹਿਬ ਸਿੰਤਰੂਧਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ। ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਸਮੇਂ ਜਰਮਨੀ 'ਤੋਂ ਵਿਸੇਸ਼ ਤੌਰ 'ਤੇ ਪਹੁੰਚੇ ਗਿਆਨੀ ਮੱਖਣ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਗਾਇਣ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ- ਸਿੱਧੂ ਮੂਸੇਵਾਲਾ ਦੇ ਕਤਲ ਦਾ ਫ਼ਾਇਦਾ ਉਠਾ ਰਿਹਾ ਪਾਕਿਸਤਾਨ, ਸੋਸ਼ਲ ਮੀਡੀਆ 'ਤੇ ਭਾਰਤ ਖ਼ਿਲਾਫ਼ ਕਰ ਰਿਹਾ ਪ੍ਰਚਾਰ

ਸਮਾਗਮ ਵਿੱਚ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਪਤਨੀ ਬੀਬੀ ਰੁਪਿੰਦਰ ਕੌਰ, ਦੋਨੋ ਪੁੱਤਰ, ਉਹਨਾਂ ਦੇ ਭਰਾਤਾ ਗੁਰਜੀਤ ਸਿੰਘ, ਭੈਣ ਹਰਜੀਤ ਕੌਰ, ਚਾਚਾ ਕਸ਼ਮੀਰ ਸਿੰਘ ਸੇਰੂ ਨੇ ਇੰਗਲੈਂਡ 'ਤੋਂ ਬੈਲਜੀਅਮ ਪਹੁੰਚ ਕੇ ਸ਼ਿਰਕਤ ਕੀਤੀ। ਬੈਲਜ਼ੀਅਮ ਦੀ ਸੰਗਤ ਵੱਲੋਂ ਅਤੇ ਗੁਰਦੁਆਰਾ ਸਾਹਿਬ ਵੱਲੋਂ ਬੀਬੀ ਰੁਪਿੰਦਰ ਕੌਰ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ। ਬੀਬੀ ਰੁਪਿੰਦਰ ਕੌਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਬੈਲਜ਼ੀਅਮ ਦੀ ਸੰਗਤ ਦਾ ਸੰਦੀਪ ਨੂੰ ਸਮਰਪਤਿ ਸਮਾਗਮ ਕਰਵਾਉਣ ਅਤੇ ਸਨਮਾਨ ਲਈ ਧੰਨਵਾਦ ਕੀਤਾ, ਉਥੇ ਆਪਣਾ ਦ੍ਰਿੜ੍ਹ ਨਿਸ਼ਚਾ ਵੀ ਦੁਹਰਾਇਆ ਕਿ ਉਹ ਸੰਦੀਪ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣਗੇ। ਸੰਦੀਪ ਦੇ ਮਾਮਾ ਮੁਖਤਿਆਰ ਸਿੰਘ ਅਤੇ ਅਤੇ ਉਹਨਾਂ ਦੇ ਨਜਦੀਕੀ ਰਿਸਤੇਦਾਰ ਬਲਜਿੰਦਰ ਸਿੰਘ ਬਾਜ ਵੱਲੋਂ ਆਈਆਂ ਸੰਗਤਾਂ ਦਾ, ਵਿਦੇਸ਼ੋਂ ਪਹੁੰਚੇ ਪਰਿਵਾਰ ਦਾ ਅਤੇ ਸ਼ੇਰੇ ਪੰਜਾਬ ਸਪੋਰਟਸ਼ ਕਲੱਬ ਬੈਲਜੀਅਮ ਦਾ ਇਸ ਸਮਾਗਮ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਕੁਲਵਿੰਦਰ ਸਿੰਘ ਮਿੰਟਾ ਨੇ ਬਾਖੂਬੀ ਨਿਭਾਈ।


Vandana

Content Editor

Related News