ਜਿੱਤ ਕੇ ਵੀ ਹਾਰ ਗਏ ਤੁਰਕੀ ਦੇ ਰਾਸ਼ਟਰਪਤੀ ਏਰਦੋਗਨ, 28 ਮਈ ਨੂੰ ਮੁੜ ਪੈਣਗੀਆਂ ਵੋਟਾਂ
Tuesday, May 16, 2023 - 11:11 AM (IST)
ਅੰਕਾਰਾ (ਭਾਸ਼ਾ)– ਤੁਰਕੀ ਦੀਆਂ ਰਾਸ਼ਟਰਪਤੀ ਚੋਣਾਂ ’ਚ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਮੁਕਾਬਲੇਬਾਜ਼ਾਂ ਤੋਂ ਜ਼ਿਆਦਾ ਵੋਟਾਂ ਲੈ ਕੇ ਵੀ ਜਿੱਤ ਨਹੀਂ ਸਕੇ ਹਨ। ਦੇਸ਼ ’ਚ ਹੁਣ ਪਹਿਲੇ ਦੌਰ ਦੇ ਚੋਟੀ ਦੇ 2 ਉਮੀਦਵਾਰਾਂ ਵਿਚਾਲੇ 28 ਮਈ ਨੂੰ ਫ਼ੈਸਲਾਕੁੰਨ ਮੁਕਾਬਲਾ ਹੋਵੇਗਾ। ਆਮ ਚੋਣਾਂ ’ਚ ਜਦੋਂ ਤੱਕ ਕੋਈ ਵੀ ਉਮੀਦਵਾਰ 50 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਨਹੀਂ ਪ੍ਰਾਪਤ ਕਰਦਾ, ਉਸ ਨੂੰ ਰਾਸ਼ਟਰਪਤੀ ਐਲਾਨ ਨਹੀਂ ਕੀਤਾ ਜਾਂਦਾ ਹੈ। 2018 ’ਚ ਹੋਈਆਂ ਪਿਛਲੀਆਂ ਰਾਸ਼ਟਰਪਤੀ ਚੋਣਾਂ ’ਚ ਏਰਦੋਗਨ ਨੇ 52.6 ਫ਼ੀਸਦੀ ਵੋਟਾਂ ਹਾਸਲ ਕਰਕੇ ਪਹਿਲੀ ਵਾਰ ’ਚ ਹੀ ਜਿੱਤ ਹਾਸਲ ਕਰ ਲਈ ਸੀ।
ਸੁਪਰੀਮ ਇਲੈਕਟ੍ਰੋਲ ਬੋਰਡ ਦੇ ਪ੍ਰਮੁੱਖ ਅਹਿਮਤ ਯੇਨੇਰ ਨੇ ਦੱਸਿਆ ਕਿ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਏਰਦੋਗਨ ਨੇ 49.51 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਦੇ ਮੁੱਖ ਵਿਰੋਧੀ ਕਮਾਲ ਕਿਲਿਕਡਾਰੋਗਲੁ ਨੇ 44.88 ਫ਼ੀਸਦੀ ਤੇ ਤੀਸਰੇ ਉਮੀਦਵਾਰ ਸਿਨਾਨ ਓਗਨ ਨੂੰ 5.17 ਫ਼ੀਸਦੀ ਵੋਟਾਂ ਮਿਲੀਆਂ ਹਨ। ਯੇਨਰ ਨੇ ਕਿਹਾ ਕਿ ਜੇਕਰ ਅਸੀਂ ਹੁਣ ਤੱਕ ਵਿਦੇਸ਼ਾਂ ’ਚ ਪਾਈਆਂ ਗਈਆਂ 35,874 ਏਰਦੋਗਨ ਦੀਆਂ ਕੁਲ ਵੋਟਾਂ ’ਚ ਮਿਲਾ ਦੇਈਏ ਤਾਂ ਵੀ ਉਨ੍ਹਾਂ ਦੀਆਂ ਵੋਟਾਂ 49.54 ਫ਼ੀਸਦੀ ਹੀ ਹੋ ਜਾਣਗੀਆਂ, ਜੋ 50 ਫ਼ੀਸਦੀ ਦੀ ਨਿਰਧਾਰਤ ਗਿਣਤੀ ਤੋਂ ਘੱਟ ਹਨ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ : ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ, ਪੁਲਸ ਅਧਿਕਾਰੀਆਂ ਸਮੇਤ ਕਈ ਜ਼ਖਮੀ
ਰਾਸ਼ਟਰਪਤੀ ਏਰਦੋਗਨ ਨੇ ਸੋਮਵਾਰ ਸਵੇੇਰ ਕਿਹਾ ਸੀ ਕਿ ਉਹ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਜਿੱਤ ਜਾਣਗੇ ਪਰ ਜੇਕਰ ਚੋਣਾਂ 28 ਮਈ ਨੂੰ ਦੂਸਰੇ ਦੌਰ ’ਚ ਜਾਂਦੀਆਂ ਹਨ ਤਾਂ ਉਹ ਦੇਸ਼ ਦੇ ਫ਼ੈਸਲੇ ਦਾ ਸਨਮਾਨ ਕਰਨਗੇ। ਦੂਸਰੇ ਦੌਰ ਦੀਆਂ ਚੋਣਾਂ ਵੀ ਉਨ੍ਹਾਂ ਦੇ ਪੱਖ ’ਚ ਜਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੇ ਗਠਜੋੜ ਦੇ ਸੰਸਦ ’ਚ ਬਹੁਮਤ ਬਰਕਰਾਰ ਰੱਖਣ ਦੀ ਸੰਭਾਵਨਾ ਹੈ।
ਉਧਰ 6 ਪਾਰਟੀ ਵਾਲੇ ਵਿਰੋਧੀ ਗਠਜੋੜ ਦੇ ਸੰਯੁਕਤ ਉਮੀਦਵਾਰ ਤੇ ਏਰਦੋਗਨ ਦੇ ਮੁੱਖ ਮੁਕਾਬਲੇਬਾਜ਼ ਕਿਲਿਕਡਾਰੋਗਲੂ ਦੂਸਰੇ ਦੌਰ ’ਚ ਜਿੱਤ ਨੂੰ ਲੈ ਕੇ ਆਸਵੰਦ ਦਿਖੇ। 74 ਸਾਲਾ ਕਿਲਿਕਡਾਰੋਗਲੂ ਨੇ ਕਿਹਾ ਕਿ ਅਸੀਂ ਯਕੀਨੀ ਤੌਰ ’ਤੇ ਦੂਸਰੇ ਦੌਰ ’ਚ ਜਿੱਤ ਦਰਜ ਕਰਾਂਗੇ ਤੇ ਲੋਕਤੰਤਰ ਲਿਆਂਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।