ਬ੍ਰਿਟਿਸ਼ ਕੋਲੰਬੀਆ : ਜੰਗਲੀ ਅੱਗ ਕਾਰਨ ਘਰ ਛੱਡ ਕੇ ਜਾਣ ਵਾਲਿਆਂ ਲਈ ਰਾਹਤ ਦੀ ਖਬਰ
Thursday, Aug 27, 2020 - 04:20 PM (IST)
ਪੈਨਟਿਕਟਨ- ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਿਚ ਬੀਤੇ ਦਿਨਾਂ ਤੋਂ ਅੱਗ ਦੇ ਭਾਂਬੜ ਮਚੇ ਹੋਏ ਸਨ ਤੇ ਲੋਕਾਂ ਨੂੰ ਘਰ ਛੱਡ ਕੇ ਜਾਣ ਦੀ ਅਪੀਲ ਕੀਤੀ ਗਈ ਸੀ।
ਪੈਨਟਿਕਟਨ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਲੋਕਾਂ ਨੂੰ ਵਾਪਸ ਆਪਣੇ ਘਰਾਂ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਰੀਜਨਲ ਡਿਸਟ੍ਰਿਕਟ ਆਫ ਓਕਨਾਗਾਨ-ਸਿਮੀਕੇਮੀਨ ਮੁਤਾਬਕ ਹੁਣ ਹੋਰ ਘਰਾਂ ਨੂੰ ਖਾਲੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਪਹਿਲਾਂ 319 ਘਰਾਂ ਨੂੰ ਖਾਲੀ ਕਰਵਾਉਣ ਦੀ ਤਿਆਰੀ ਹੋ ਗਈ ਸੀ ਤੇ ਕਈ ਲੋਕ ਘਰਾਂ ਨੂੰ ਖਾਲੀ ਕਰਕੇ ਚਲੇ ਗਏ ਸਨ।
ਕ੍ਰਿਸਟੀ ਮਾਊਂਟੇਨ ਵਿਚ ਅੱਗ 20 ਸਕੁਆਇਰ ਕਿਲੋਮੀਟਰ ਦੀ ਜ਼ਮੀਨ ਉੱਤੇ ਫੈਲ ਗਈ ਸੀ ਤੇ ਪਿਛਲੇ ਹਫਤੇ ਸਖਾ ਲੇਕ ਨੇੜੇ ਇਕ ਘਰ ਸੜ ਕੇ ਸੁਆਹ ਹੋ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸਰਵਿਸ ਦਾ ਕਹਿਣਾ ਹੈ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ, ਹਾਲਾਂਕਿ ਕੁਝ ਕੁ ਖੇਤਰ ਵਿਚ ਅਜੇ ਅੱਗ ਬਲ ਰਹੀ ਹੈ ਪਰ ਇਹ ਖਤਰੇ ਦਾ ਕਾਰਨ ਨਹੀਂ ਬਣੇਗੀ।
ਸੋਮਵਾਰ ਅਤੇ ਮੰਗਲਵਾਰ ਨੂੰ 3700 ਘਰਾਂ ਤੇ ਦੁਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਕੋਰੋਨਾ ਵਾਇਰਸ ਕਾਰਨ ਲੋਕਾਂ ਦਾ ਹੋਰ ਥਾਵਾਂ 'ਤੇ ਜਾਣਾ ਤੇ ਸਿਹਤ ਦਾ ਧਿਆਨ ਰੱਖਣਾ ਵੱਡੀ ਚੁਣੌਤੀ ਬਣ ਗਿਆ ਸੀ।