ਯੂਰਪੀ ਸੰਸਦ ਨੇ ਧਾਰਾ 370 ’ਤੇ ਦਿੱਤਾ ਭਾਰਤ ਨੂੰ ਸਮਰਥਨ

Monday, Sep 02, 2019 - 01:50 PM (IST)

ਯੂਰਪੀ ਸੰਸਦ ਨੇ ਧਾਰਾ 370 ’ਤੇ ਦਿੱਤਾ ਭਾਰਤ ਨੂੰ ਸਮਰਥਨ

ਯੂਰਪੀ ਯੂਨੀਅਨ (ਬਿਊਰੋ)— ਭਾਰਤ ਸਰਕਾਰ ਦੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੇ ਭਾਰਤ ਦੇ ਇਸ ਕਦਮ ਨੂੰ ਸਮਰਥਨ ਦਿੱਤਾ ਹੈ। ਹੁਣ ਯੂਰਪੀ ਸੰਸਦ (MEP) ਦੇ ਮੈਂਬਰਾਂ ਨੇ ਵੀ ਸਰਕਾਰ ਦੇ ਇਸ ਕਦਮ ਨੂੰ ਸਮਰਥਨ ਦਿੱਤਾ ਹੈ। ਧਾਰਾ 370 ਦਾ ਮਾਮਲਾ ਯੂਰਪੀ ਸੰਸਦ ਵਿਚ ਵੀ ਉੱਠਿਆ ਹੈ। ਈ.ਪੀ. ਦੇ ਮਾਸਿਕ ਅਖਬਾਰ ਵਿਚ ਐਤਵਾਰ ਨੂੰ ਛਪੀ ਖਬਰ ਮੁਤਾਬਕ ਸੰਸਦ ਵਿਚ ਭਾਰਤ ਦੇ ਇਸ ਫੈਸਲੇ ਨੂੰ ਸਮਰਥਨ ਮਿਲਿਆ ਹੈ। 

ਈ.ਪੀ. ਦੇ ਮੈਂਬਰ ਟਾਮਸ ਜ਼ੋਕੋਵਸਕੀ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਦਿਆਂ ਕਿਹਾ ਕਿ ਧਾਰਾ 370 ਦੇ ਖਤਮ ਹੋਣ ਨਾਲ ਕਸ਼ਮੀਰ ਵਿਚ ਅੱਤਵਾਦ ਖਤਮ ਕਰਨ ਵਿਚ ਮਦਦ ਮਿਲੇਗੀ। ਅਖਬਾਰ ਮੁਤਾਬਕ ਟਾਮਸ ਨੇ ਕਿਹਾ,‘‘ਕੁਝ ਅੱਤਵਾਦੀ ਸੰਗਠਨ ਕਸ਼ਮੀਰ ਘਾਟੀ ਅਤੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਅੱਤਵਾਦ ਫੈਲਾ ਰਹੇ ਹਨ। ਇਹ ਅੱਤਵਾਦੀ ਸੰਗਠਨ ਕਥਿਤ ਰੂਪ ਨਾਲ ਜੰਮੂ-ਕਸ਼ਮੀਰ ਵਿਚ ਰਾਜਨੀਤਕ ਸੰਗਠਨਾਂ ਨਾਲ ਜੁੜੇ ਲੋਕਾਂ ’ਤੇ ਹਮਲੇ ਲਈ ਜ਼ਿੰਮੇਵਾਰ ਹਨ।’’ 

ਟਾਮਸ ਨੇ ਅੱਗੇ ਕਿਹਾ ਕਿ ਕਸ਼ਮੀਰ ਵਿਚ ਅਕਤੂਬਰ 2018 ਵਿਚ ਸਥਾਨਕ ਚੋਣਾਂ ਦੌਰਾਨ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਹੋਈਆਂ। ਜਿਹੜੇ ਨੇਤਾ ਚੋਣਾਂ ਵਿਚ ਹਿੱਸਾ ਲੈ ਰਹੇ ਸਨ, ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਪਾਕਿਸਤਾਨੀ ਅੱਤਵਾਦੀ ਸੰਗਠਨ ਪੀ.ਓ.ਕੇ. ਤੋਂ ਹੀ ਸੰਚਾਲਿਤ ਹੋ ਰਹੇ ਹਨ। ਟਾਮਸ ਮੁਤਾਬਕ 5 ਅਗਸਤ ਨੂੰ ਭਾਰਤ ਸਰਕਾਰ ਦੇ ਧਾਰਾ 370 ਨੂੰ ਖਤਮ ਕਰਨਾ ਅੱਤਵਾਦੀਆਂ ਵਿਰੁੱਧ ਵੱਡਾ ਫੈਸਲਾ ਸੀ। 

ਸੰਯੁਕਤ ਰਾਸ਼ਟਰ ਮੁਤਾਬਕ 1990 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਵਿਚ ਕਈ ਅੱਤਵਾਦੀ ਸੰਗਠਨ ਬਣੇ ਹਨ। ਵਰਤਮਾਨ ਸਮੇਂ ਵਿਚ 4 ਵੱਡੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁੱਲ ਮੁਜ਼ਾਹੀਦੀਨ ਅਤੇ ਹਰਕਤ-ਉਲ-ਮੁਜ਼ਾਹੀਦੀਨ ਦੀ ਸਰਗਰਮੀ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਸਾਰੇ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਹੈ।
 


author

Vandana

Content Editor

Related News