ਯੂਰਪ ਦੀ ਦਵਾਈ ਏਜੰਸੀ ਦੀ ਕੋਰੋਨਾ ਦੇ ਦੋ ਵੈਕਸੀਨਾਂ ਦੀ ਸੁਰੱਖਿਆ ''ਤੇ ਨਜ਼ਰ
Tuesday, Dec 01, 2020 - 10:34 PM (IST)
ਬਰਲਿਨ- ਯੂਰਪੀ ਯੂਨੀਅਨ ਦੀ ਦਵਾਈਆਂ ਸਬੰਧੀ ਰੈਗੂਲੇਟਰੀ ਯੂਰਪੀਅਨ ਮੈਡੀਸਿਨਸ ਏਜੰਸੀ ਨੇ ਕਿਹਾ ਕਿ ਉਹ 29 ਦਸੰਬਰ ਨੂੰ ਇਕ ਬੈਠਕ ਬੁਲਾਏਗੀ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਫਾਈਜ਼ਰ ਅਤੇ ਬਾਇਓਐਨਟੈਕ ਵਲੋਂ ਵਿਕਸਿਤ ਕੀਤੇ ਗਏ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਕੀ ਇਸ ਦੀ ਸੁਰੱਖਿਆ ਅਤੇ ਕਾਰਗਾਰਤਾ ਸਬੰਧੀ ਜ਼ਰੂਰੀ ਡਾਟਾ ਮੌਜੂਦ ਹੈ।
ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ 12 ਜਨਵਰੀ ਤੱਕ ਤੈਅ ਕਰ ਸਕਦਾ ਹੈ ਕਿ ਅਮਰੀਕਾ ਦੀ ਦਵਾਈ ਕੰਪਨੀ ਮੋਡੇਰਨਾ ਵਲੋਂ ਵਿਕਸਿਤ ਕੋਰੋਨਾ-19 ਦੇ ਪ੍ਰਯੋਗਿਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ। ਯੂਰਪੀ ਦਵਾਈ ਰੈਗੂਲੇਟਰੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਪਹਿਲਾਂ ਤੋਂ ਹੀ ਮੋਡੇਰਨਾ ਵਲੋਂ ਸੌਂਪੇ ਗਏ ਪ੍ਰਯੋਗਸ਼ਾਲਾ ਦੇ ਅੰਕੜਿਆਂ ਦੇ ਆਧਾਰ 'ਤੇ ਟੀਕੇ ਦੀ ਰੋਲਿੰਗ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਇਸ ਗੱਲ ਦੀ ਪੜਤਾਲ ਕੀਤੀ ਜਾਵੇਗੀ ਕਿ ਇਹ ਟੀਕਾ ਰੋਗ ਰੋਕੂ ਸਮਰੱਥਾ ਦੇ ਨਜ਼ਰੀਏ ਤੋਂ ਕਿੰਨਾ ਕੁ ਕਾਰਗਾਰ ਸਿੱਧ ਹੁੰਦਾ ਹੈ ਅਤੇ ਕੀ ਇਹ ਪੂਰੇ ਯੂਰਪ ਵਿਚ ਵੱਡੇ ਪੱਧਰ 'ਤੇ ਵਰਤੇ ਜਾਣ ਲਈ ਸੁਰੱਖਿਅਤ ਹੈ।
ਇਸ ਵਿਚਕਾਰ ਜਰਮਨੀ ਦੀ ਦਵਾਈ ਕੰਪਨੀ ਬਾਇਓਐਨਟੈਕ ਅਤੇ ਉਸ ਦੀ ਸਾਂਝੇਦਾਰ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਕਿ ਉਨ੍ਹਾਂ ਨੇ ਯੂਰਪੀਅਨ ਮੈਡੀਸਿਨਜ਼ ਏਜੰਸੀ ਦੇ ਸਾਹਮਣੇ ਕੋਰੋਨਾ ਵਾਇਰਸ ਦੇ ਉਨ੍ਹਾਂ ਦੇ ਟੀਕੇ ਨੂੰ ਮਨਜ਼ੂਰੀ ਦੇਣ ਲਈ ਅਰਜ਼ੀ ਦਰਜ ਕੀਤੀ ਹੈ।