ਯੂਰਪੀਅਨ ਦੇਸ਼ਾਂ ਨੇ ਹਵਾਈ ਯਾਤਰਾ ਦੇ ਮਾਮਲੇ ''ਚ ਯੂ. ਕੇ. ''ਤੇ ਲਗਾਈਆਂ ਅਸਥਾਈ ਯਾਤਰਾ ਪਾਬੰਦੀਆਂ

12/21/2020 2:14:55 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਇਸ ਸਮੇਂ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਦਾ ਸਾਹਮਣਾ ਕਰ ਰਿਹਾ ਹੈ। ਇਸ ਨੂੰ ਰੋਕਣ ਦੇ ਯਤਨਾਂ ਵਿੱਚ ਸਰਕਾਰ ਵੱਲੋਂ ਕਈ ਨਵੇਂ ਪਾਬੰਦੀਆਂ ਵਾਲੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਦੇਸ਼ ਦੀ ਵਾਇਰਸ ਸੰਬੰਧੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਇਆ ਸੁਰੱਖਿਆ ਕਾਰਨਾਂ ਕਰਕੇ ਕਈ ਯੂਰਪੀਅਨ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ਤੇ ਅਸਥਾਈ ਯਾਤਰਾ ਪਾਬੰਦੀਆਂ ਲਗਾਈਆਂ ਹਨ।

ਇਨ੍ਹਾਂ ਦੇਸ਼ਾਂ ਵਿਚ ਆਇਰਲੈਂਡ, ਜਰਮਨੀ, ਫਰਾਂਸ, ਇਟਲੀ, ਨੀਦਰਲੈਂਡਜ਼ ਅਤੇ ਬੈਲਜੀਅਮ ਆਦਿ ਯੂ. ਕੇ. ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੋਕ ਰਹੇ ਹਨ। ਇਸ ਸੰਬੰਧੀ ਸੋਮਵਾਰ ਨੂੰ ਯੂਰਪੀਅਨ ਯੂਨੀਅਨ ਦੀ ਬੈਠਕ ਵਿਚ ਹੋਰ ਵਿਚਾਰ ਵਟਾਂਦਰੇ ਕੀਤੇ ਵੀ ਜਾਣਗੇ। ਇਸ ਸਮੇਂ ਵਾਇਰਸ ਦੀ ਲਾਗ ਲੰਡਨ ਅਤੇ ਦੱਖਣ-ਪੂਰਬੀ ਇੰਗਲੈਂਡ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਜਦਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਕਾਬੂ ਤੋਂ ਬਾਹਰ ਹੋ ਰਹੀ ਸਥਿਤੀ ਨਾਲ ਨਜਿੱਠਣ ਲਈ ਸ਼ਨੀਵਾਰ ਨੂੰ ਲੱਖਾਂ ਲੋਕਾਂ ਲਈ ਕ੍ਰਿਸਮਸ ਦੇ ਅਰਸੇ ਦੌਰਾਨ ਨਿਯਮਾਂ ਵਿਚ ਯੋਜਨਾਬੱਧ ਢਿੱਲ ਨੂੰ ਖਤਮ ਕਰਦਿਆਂ ਲੈਵਲ ਚਾਰ ਦੀਆਂ ਪਾਬੰਦੀ ਲਾਗੂ ਕੀਤੀਆਂ ਹਨ।

ਯੂ. ਕੇ. ਦੁਆਰਾ ਸ਼ਨੀਵਾਰ ਨੂੰ ਟੀਅਰ 4 ਪਾਬੰਦੀਆਂ ਦੀ ਘੋਸ਼ਣਾ ਦੇ ਬਾਅਦ ਨੀਦਰਲੈਂਡਜ਼ ਸਰਕਾਰ ਨੇ ਐਲਾਨ ਕੀਤਾ ਕਿ 1 ਜਨਵਰੀ ਤੱਕ ਯੂ. ਕੇ. ਤੋਂ ਸਾਰੀਆਂ ਯਾਤਰੀਆਂ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਫਰਾਂਸ ਨੇ ਵੀ ਐਤਵਾਰ ਅੱਧੀ ਰਾਤ ਤੋਂ 48 ਘੰਟਿਆਂ ਲਈ ਯੂਕੇ ਨਾਲ ਆਪਣੇ ਸਾਰੇ ਯਾਤਰਾ ਲਿੰਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਫਰਾਂਸ ਦੀ ਪਾਬੰਦੀ ਦੇ ਨਾਲ ਯੂਰੋਟਨਲ ਨੇ ਵੀ ਇਸ ਦੇ ਫੋਕੈਸਟੋਨ ਟਰਮੀਨਲ ਤੱਕ ਜਾਣ ਵਾਲੇ ਟ੍ਰੈਫਿਕ ਨੂੰ ਬੰਦ ਕਰਨ ਦੀ ਗੱਲ ਕਹੀ ਹੈ। ਇਨ੍ਹਾਂ ਦੇਸ਼ਾਂ ਸਣੇ ਕਈ ਦੂਜੇ ਯੂਰਪੀਅਨ ਰਾਸ਼ਟਰਾਂ ਨੇ ਵੀ ਵਾਇਰਸ ਤੋਂ ਆਪਣਾ ਬਚਾਅ ਕਰਨ ਲਈ ਇਹ ਪਾਬੰਦੀਆਂ ਲਾਗੂ ਕੀਤੀਆਂ ਹਨ।


Lalita Mam

Content Editor

Related News