ਗਰਮੀ ਨਾਲ ਬੇਹਾਲ ਯੂਰਪ : ਰਨਵੇਅ ਪਿਘਲਿਆ, ਰੇਲਵੇ ਟ੍ਰੈਕ ਫੈਲ ਰਹੇ, 1000 ਤੋਂ ਵਧੇਰੇ ਲੋਕਾਂ ਦੀ ਮੌਤ
Wednesday, Jul 20, 2022 - 01:07 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਦੁਨੀਆ ਦੇ ਜ਼ਿਆਦਾਤਰ ਦੇਸ਼ ਗਰਮੀ ਨਾਲ ਬੇਹਾਲ ਹਨ। ਕਿਤੇ ਜੰਗਲ ਸੜ ਰਹੇ ਹਨ, ਲੋਕ ਮਰ ਰਹੇ ਹਨ ਅਤੇ ਕਿਤੇ ਏਅਰਪੋਰਟ ਰਨਵੇਅ ਪਿਘਲ ਰਹੇ ਹਨ।ਇੰਨਾ ਹੀ ਨਹੀਂ ਘਾਹ ਤੱਕ ਸੜ ਰਹੀ ਹੈ। ਸੜਕਾਂ 'ਤੇ ਅਜਿਹੀ ਖਾਮੋਸ਼ੀ ਜਿਵੇਂ ਮੁੜ ਤਾਲਾਬੰਦੀ ਲੱਗ ਗਈ ਹੋਵੇ। ਇਹ ਹਾਲ ਇਸ ਸਮੇਂ ਯੂਰਪ ਦਾ ਹੈ। ਪੂਰਾ ਯੂਰਪ ਭਿਆਨਕ ਗਰਮੀ ਨਾਲ ਜੂਝ ਰਿਹਾ ਹੈ। ਬ੍ਰਿਟੇਨ ਦੇ ਇਤਿਹਾਸ 'ਚ ਪਹਿਲੀ ਵਾਰ ਪਾਰਾ 40 ਡਿਗਰੀ ਦੇ ਪਾਰ ਪਾਰ ਚਲਾ ਗਿਆ ਹੈ। ਇਸ ਤੋਂ ਪਹਿਲਾਂ ਆਖਰੀ ਵਾਰ ਸਭ ਤੋਂ ਵੱਧ ਤਾਪਮਾਨ 2019 ਵਿਚ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸਪੇਨ-ਪੁਰਤਗਾਲ ਵਿਚ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਗਰਮੀ ਕਾਰਨ ਹੋ ਚੁੱਕੀ ਹੈ।
ਬ੍ਰਿਟੇਨ ਵਿਚ ਗਰਮੀ ਨਾਲ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ। ਇੱਥੇ ਆਪਣੇ ਸਖ਼ਤ ਅਨੁਸ਼ਾਸਨ ਲਈ ਜਾਣੇ ਜਾਂਦੇ ਹਾਊਸ ਵਾਲੇ ਕਾਮਨਜ਼ (ਸੰਸਦ) ਨੇ ਵੀ ਮੈਂਬਰਾਂ ਨੂੰ ਆਪਣੀ ਸਹੂਲਤ ਮੁਤਾਬਕ ਕੱਪੜੇ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਊਸ ਆਫ ਕਾਮਨਜ਼ ਦੇ ਸਪੀਕਰ ਲਿੰਡਸੇ ਹੋਯਲ ਨੇ ਦੱਸਿਆ ਕਿ ਇਸ ਵਧਦੀ ਗਰਮੀ ਵਿਚ ਜੇਕਰ ਸਾਂਸਦ ਟਾਈ-ਸੂਟ ਨਹੀਂ ਪਾਉਣਾ ਚਾਹੁੰਦੇ ਤਾਂ ਉਹ ਨਾ ਪਾਉਣ।
ਟ੍ਰੈਕ ਫੈਲ ਰਹੇ, ਸੜਕਾਂ ਅਤੇ ਰਨਵੇਅ ਪਿਘਲ ਰਹੇ
ਬ੍ਰਿਟੇਨ ਵਿਚ ਗਰਮੀ ਨਾਲ ਹਾਲਾਤ ਇੰਨੇ ਵਿਗੜ ਗਏ ਹਨ ਕਿ ਜਿਸ ਨਾਲ ਉੱਥੋਂ ਦਾ ਟਰਾਂਸਪੋਰਟ ਸਿਸਟਮ ਗੜਬੜਾ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਬ੍ਰਿਟੇਨ ਵਿਚ ਸੜਕਾਂ 'ਤੇ ਡਾਮਰ ਪਿਘਲਣ ਲੱਗਾ ਹੈ। ਲੂਟਨ ਹਵਾਈ ਅੱਡੇ ਦਾ ਰਨਵੇਅ ਵੀ ਪਿਘਲ ਗਿਆ। ਉੱਥੇ ਰੇਲਵੇ ਟ੍ਰੈਕ ਵੀ ਵਧਦੇ ਤਾਪਮਾਨ ਨੂੰ ਸਹਿਨ ਨਹੀਂ ਕਰ ਪਾ ਰਹੇ ਹਨ ਅਤੇ ਫੈਲ ਰਹੇ ਹਨ। ਇਸ ਕਾਰਨ ਕਈ ਟ੍ਰੇਨਾਂ ਰੱਦ ਹੋ ਚੁੱਕੀਆਂ ਹਨ। ਇੰਗਲੈਂਡ ਵਿਚ ਲੋਕਾਂ ਨੂੰ ਟ੍ਰੇਨ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਆਵਾਜਾਈ ਮੰਤਰੀ ਗ੍ਰਾਂਟ ਸ਼ੈਪਸ ਨੇ ਦੱਸਿਆ ਕਿ ਯੂਕੇ ਦਾ ਰੇਲ ਨੈੱਟਵਰਕ ਇਸ ਭਿਆਨਕ ਗਰਮੀ ਦਾ ਸਾਹਮਣਾ ਨਹੀਂ ਕਰ ਸਕਦਾ। ਇਸ ਨੂੰ ਅਪਗ੍ਰੇਡ ਕਰਨ ਵਿਚ ਕਈ ਸਾਲ ਲੱਗ ਜਾਣਗੇ।ਉਹਨਾਂ ਨੇ ਦੱਸਿਆ ਕਿ ਪਾਰਾ 40 ਡਿਗਰੀ ਸੈਲਸੀਅਸ ਹੋਣ 'ਤੇ ਟ੍ਰੈਕ ਦਾ ਤਾਪਮਾਨ 50-60 ਡਿਗਰੀ ਅਤੇ ਇੱਥੋਂ ਤੱਕ ਕਿ 70 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਕਾਰਨ ਟ੍ਰੈਕ ਪਿਘਲ ਸਕਦੇ ਹਨ ਅਤੇ ਟ੍ਰੇਨ ਦੇ ਪਟੜੀ ਤੋਂ ਉਤਰਨ ਦਾ ਖਦਸ਼ਾ ਵੱਧ ਜਾਂਦਾ ਹੈ।
ਪੂਰਾ ਯੂਰਪ ਗਰਮੀ ਨਾਲ ਬੇਹਾਲ
ਸਿਰਫ ਬ੍ਰਿਟੇਨ ਹੀ ਨਹੀਂ ਸਗੋਂ ਫਰਾਂਸ, ਪੁਰਤਗਾਲ, ਸਪੇਨ, ਗ੍ਰੀਸ ਸਮੇਤ ਪੂਰੇ ਯੂਰਪੀ ਦੇਸ਼ ਗਰਮੀ ਨਾਲ ਬੇਹਾਲ ਹਨ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਸੜਕਾਂ 'ਤੇ ਖਾਮੋਸ਼ੀ ਹੈ। ਜ਼ਿਆਦਾਤਰ ਲੋਕ ਘਰੋਂਹੀ ਕੰਮ ਕਰ ਰਹੇ ਹਨ। ਜ਼ਿਆਦਾਤਰ ਇਲਾਕਿਆਂ ਵਿਚ ਪਾਰਾ 40 ਡਿਗਰੀ ਤੱਕ ਪਹੁੰਚ ਚੁੱਕਾ ਹੈ। ਇੰਗਲੈਂਡ ਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਉੱਥੇ ਇਕ-ਦੋ ਦਿਨ ਵਿਚ ਪਾਰਾ 41 ਡਿਗਰੀ ਦੇ ਪਾਰ ਪਹੁੰਚ ਜਾਵੇਗਾ। ਵੱਧਦੀ ਗਰਮੀ ਕਾਰਨ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ।
ਦੱਖਣੀ ਯੂਰਪ ਦੇ ਕੁਝ ਹਿੱਸਿਆਂ 'ਚ ਹੁਣ ਤਾਪਮਾਨ ਥੋੜ੍ਹਾ ਘੱਟ ਹੋ ਰਿਹਾ ਹੈ ਪਰ ਹਾਲੇ ਵੀ ਸੈਂਕੜੇ ਜੰਗਲ ਸੜ ਰਹੇ ਹਨ। ਇੱਥੇ ਅੱਗ 'ਤੇ ਕਾਬੂ ਪਾਉਣ ਲਈ ਹਜ਼ਾਰਾਂ ਫਾਇਰ ਫਾਈਟਰਜ਼ ਲੱਗੇ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਹੋਰ ਜੰਗਲਾਂ ਵਿਚ ਵੀ ਅੱਗ ਲੱਗਣ ਦਾ ਖਤਰਾ ਬਣਿਆ ਹੋਇਆ ਹੈ।ਕਾਰੋਲਸ III ਹੈਲਥ ਇੰਸਟੀਚਿਊਟ ਮੁਤਾਬਕ ਸਪੇਨ ਵਿਚ ਲਗਾਤਾਰ 8 ਦਿਨ ਤੋਂ ਹੀਟਵੇਵ ਜਾਰੀ ਹੈ। ਇੱਥੇ ਹੁਣ ਤੱਕ 510 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਸਾਲ ਅੱਗ ਲੱਗਣ ਕਾਰਨ 1.73 ਲੱਖ ਏਕੜ ਦੀ ਜ਼ਮੀਨ ਤਬਾਹ ਹੋ ਚੁੱਕੀ ਹੈ। ਪੁਰਤਗਾਲ ਵਿਚ ਵੀ ਹਾਲਾਤ ਬਦਤਰ ਹੋ ਚੁੱਕੇ ਹਨ। ਇੱਥੇ ਵੀ 500 ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਫਰਾਂਸ ਵਿਚ ਵੀ ਬੁਰਾ ਹਾਲ
ਫਰਾਂਸ ਦੇ ਕੁਝ ਹਿੱਸਿਆਂ ਵਿਚ ਪਾਰਾ 40 ਡਿਗਰੀ ਤੱਕ ਪਹੁੰਚ ਗਿਆ ਹੈ। ਅਨੁਮਾਨ ਹੈ ਕਿ ਪਾਰਾ ਹੋਰ ਵਧ ਸਕਦਾ ਹੈ। ਗਰਮੀ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਦੁਕਾਨਾਂ ਖੁੱਲ੍ਹ ਰਹੀਆਂ ਹਨ ਪਰ ਗਾਹਕ ਪਹੁੰਚ ਨਹੀਂ ਪਾ ਰਹੇ। ਮੌਸਮ ਦਾ ਅਨੁਮਾਨ ਲਗਾਉਣ ਵਾਲੇ ਜਾਣਕਾਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਫਰਾਂਸ ਵਿਚ ਹਾਲਾਤ ਹੋਰ ਵਿਗੜਨ ਵਾਲੇ ਹਨ। ਅੱਜ ਇੱਥੇ ਤਾਪਮਾਨ ਫਿਰ 40 ਡਿਗਰੀ ਸੈਲਸੀਅਸ ਦੇ ਪਾਰ ਜਾਣ ਦੀ ਸੰਭਾਵਨਾ ਹੈ। ਫਰਾਂਸ ਵਿਚ ਜੁਲਾਈ ਤੋਂ ਬਾਅਦ ਹੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ। ਪੈਰਿਸ ਵਿਚ ਲੋਕ ਗਰਮੀ ਤੋਂ ਬਚਣ ਲਈ ਆਈਸ ਬਾਰ ਜਾ ਰਹੇ ਹਨ। ਆਈਸ ਬਾਰ ਵਿਚ ਤਾਪਮਾਨ ਮਾਈਨਸ 20 ਡਿਗਰੀ ਸੈਲਸੀਅਸ ਹੈ ਮਤਲਬ ਇੱਥੋਂ ਦਾ ਤਾਪਮਾਨ ਬਾਹਰ ਦੇ ਤਾਪਮਾਨ ਨਾਲੋਂ 60 ਡਿਗਰੀ ਘੱਟ ਹੈ। ਆਈਸ ਬਾਰ ਵਿਚ ਲੋਕ 25 ਮਿੰਟ ਲਈ 25 ਯੂਰੋ (ਲਗਭਗ 2 ਹਜ਼ਾਰ ਰੁਪਏ) ਅਦਾ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੀ ਵਾਤਾਵਰਨ ਰਿਪੋਰਟ ਆਈ ਸਾਹਮਣੇ, ਹੈਰਾਨ ਕਰ ਦੇਣ ਵਾਲੀ 'ਗਿਰਾਵਟ' ਦਾ ਖੁਲਾਸਾ
ਇਸ ਲਈ ਪੈ ਰਹੀ ਜ਼ਿਆਦਾ ਗਰਮੀ
ਗਰਮੀ ਵਧਣ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਹੈ। ਸਿਰਫ ਯੂਰਪ ਹੀ ਨਹੀਂ ਸਗੋਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਤਾਪਮਾਨ ਵਧਦਾ ਜਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜਲਵਾਯੂ ਤਬਦੀਲੀ ਕਾਰਨ ਹੀਟਵੇਵ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਦਯੋਗਿਕ ਯੁੱਗ ਸ਼ੁਰੂ ਹੋਣ ਦੇ ਬਾਅਦ ਤੋਂ ਦੁਨੀਆ ਦਾ ਤਾਪਮਾਨ ਪਹਿਲਾਂ ਹੀ 1.1 ਡਿਗਰੀ ਸੈਲਸੀਅਸ ਵਧ ਚੁੱਕਾ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰਬਨ ਨਿਕਾਸ ਨੂੰ ਘੱਟ ਨਾ ਕੀਤਾ ਗਿਆ ਤਾਂ ਤਾਪਮਾਨ ਇਵੇਂ ਹੀ ਵਧਦਾ ਰਹੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।